ਜੰਮੂ ਕਸ਼ਮੀਰ: ਦੋ ਮੁਕਾਬਲਿਆਂ ’ਚ ਤਿੰਨ ਅਤਿਵਾਦੀ ਹਲਾਕ
ਊਧਮਪੁਰ ਵਿੱਚ ਗੁਫਾ ’ਚ ਛੁਪੇ ਦੋ ਅਤਿਵਾਦੀ ਮਾਰੇ; ਕਿਸ਼ਤਵਾਡ਼ ’ਚ ਇਕ ਹੋਰ ਦਹਿਸ਼ਤਗਰਦ ਹਲਾਕ
ਜੰਮੂ ਕਸ਼ਮੀਰ ਦੇ ਊਧਮਪੁਰ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਦੋ ਵੱਖ-ਵੱਖ ਮੁਕਾਬਲਿਆਂ ’ਚ ਤਿੰਨ ਅਤਿਵਾਦੀ ਹਲਾਕ ਹੋ ਗਏ। ਸੁਰੱਖਿਆ ਬਲਾਂ ਨੂੰ ਇਹ ਸਫ਼ਲਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜੰਮੂ ਕਸ਼ਮੀਰ ਦੇ ਤਿੰਨ ਦਿਨਾ ਦੌਰੇ ਤੋਂ ਪਹਿਲਾਂ ਵੱਖ-ਵੱਖ ਥਾਵਾਂ ’ਤੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮਿਲੀ। ਸ਼ਾਹ ਦਾ ਇਹ ਦੌਰਾ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਊਧਮਪੁਰ ਜ਼ਿਲ੍ਹੇ ਵਿੱਚ ਇੱਕ ਗੁਫਾ ’ਚ ਘਿਰੇ ਦੋ ਪਾਕਿਸਤਾਨੀ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿੱਚ ਜੈਸ਼-ਏ-ਮੁਹੰਮਦ ਦਾ ਆਪੂੰ ਬਣਿਆ ਕਮਾਂਡਰ ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ ਇੱਕ ਦੀ ਸ਼ਨਾਖ਼ਤ ਰੁਬਾਨੀ ਉਰਫ਼ ਅਬੂ ਮਾਵੀਆ ਵਜੋਂ ਹੋਈ ਹੈ ਜੋ ਕਿ ਜੈਸ਼-ਏ-ਮੁਹੰਮਦ ਦਾ ਮੁੱਖ ਕਮਾਂਡਰ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿੱਚ ਸਰਗਰਮ ਸੀ। ਮੰਗਲਵਾਰ ਸ਼ਾਮ ਨੂੰ 4 ਵਜੇ ਰਾਮਨਗਰ-ਬਸੰਤਗੜ੍ਹ ਦੇ ਉੱਚੇ ਇਲਾਕਿਆਂ ਵਿੱਚ ਫੌਜ, ਪੁਲੀਸ ਅਤੇ ਸੀ ਆਰ ਪੀ ਐੱਫ ਦੀਆਂ ਸਾਂਝੀਆਂ ਟੀਮਾਂ ਨੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀ ਲੱਭ ਲਏ ਸਨ। ਫੌਜ ਨੇ 20 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਮੁਹਿੰਮ ਨੂੰ ‘ਕੀਆ’ ਨਾਮ ਦਿੱਤਾ ਹੈ। ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਦੱਸਿਆ ਕਿ ਪੁਲੀਸ ਦੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਜੋਫਾਰ ਜੰਗਲ ਦੇ ਇਲਾਕੇ ਵਿੱਚ ਇਹ ਕਾਰਵਾਈ ਕੀਤੀ ਗਈ। ਅਤਿਵਾਦੀਆਂ ਨੂੰ ਭੱਜਣ ਤੋਂ ਰੋਕਣ ਲਈ ਘੇਰਾਬੰਦੀ ਬਹੁਤ ਸਖ਼ਤ ਰੱਖੀ ਗਈ ਸੀ। ਅਧਿਕਾਰੀਆਂ ਅਨੁਸਾਰ ਮਾਰੇ ਗਏ ਅਤਿਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ, ਜਿਸ ਵਿੱਚ ਐੱਮ 4 ਕਾਰਬਾਈਨ ਅਤੇ ਏ ਕੇ ਅਸਾਲਟ ਰਾਈਫਲ ਸ਼ਾਮਲ ਹੈ।
ਇਸੇ ਦੌਰਾਨ, ਅੱਜ ਸ਼ਾਮ ਸਮੇਂ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਬਰਫ਼ ਨਾਲ ਢਕੇ ਉੱਚੇ ਇਲਾਕਿਆਂ ਵਿੱਚ ਚੱਲ ਰਹੀ ਮੁਹਿੰਮ ਦੌਰਾਨ ਇੱਕ ਸ਼ੱਕੀ ਪਾਕਿਸਤਾਨੀ ਅਤਿਵਾਦੀ ਮਾਰਿਆ ਗਿਆ। ਪਿਛਲੇ 18 ਦਿਨਾਂ ਵਿੱਚ ਚਾਤਰੂ ਪੱਟੀ ਵਿੱਚ ਇਹ ਪੰਜਵਾਂ ਮੁਕਾਬਲਾ ਸੀ। ਫੌਜ ਅਤੇ ਪੁਲੀਸ, ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਅਤਿਵਾਦੀਆਂ ਦੇ ਇੱਕ ਸਮੂਹ ਦੀ ਭਾਲ ਲਈ ਆਪਣੀ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਰੱਖ ਰਹੇ ਹਨ।

