ਸ੍ਰੀਨਗਰ, 26 ਅਗਸਤ
ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਇੱਕ ਦਹਿਸ਼ਤੀ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਮ੍ਰਿਤਕ ਦਹਿਸ਼ਦਗਰਦ ਦੀ ਪਤਨੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇੱਕ ਤਰਜਮਾਨ ਨੇ ਅੱਜ ਦੱਸਿਆ ਕਿ ਇੱਕ ਦਹਿਸ਼ਤਗਰਦ ਦੀਆਂ ਸਰਗਰਮੀਆਂ ਦੀ ਸੂਹ ਮਿਲਣ ’ਤੇ ਪੁਲੀਸ ਨੇ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ ਦੇ ਦਾਰਦਗੁੰਡ ਇਲਾਕੇ ’ਚ ਨਾਕਾ ਲਾਇਆ ਸੀ। ਨਾਕੇ ’ਤੇ ਪੁਲੀਸ ਮੁਲਾਜ਼ਮਾਂ ਨੂੰ ਦੇਖ ਦੇ ਇੱਕ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਾਬੂ ਕਰ ਲਿਆ ਗਿਆ। ਤਰਜਮਾਨ ਮੁਤਾਬਕ ਫੜੇ ਗਏ ਮੁਲਜ਼ਮ ਦੀ ਪਛਾਣ ਸ਼ਫਾਇਤ ਜ਼ੁਬੈਰ ਰਿਸ਼ੀ ਵਾਸੀ ਨੈਸਬਲ ਸੁੰਬਲ ਵਜੋਂ ਹੋਈ ਜਿਸ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, ਅੱਠ ਕਾਰਤੂਸ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਪੁੱਛ ਪੜਤਾਲ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਮੁਨੀਰਾ ਬੇਗ਼ਮ (ਮ੍ਰਿਤਕ ਅਤਵਿਾਦੀ ਕਮਾਂਡਰ ਯੂਸਫ਼ ਚੌਪਾਨ ਦੀ ਪਤਨੀ) ਕੋਲੋਂ ਹਥਿਆਰਾਂ ਦੀ ਖੇਪ ਲੈਣ ਜਾ ਰਿਹਾ ਸੀ। ਮੁਨੀਰਾ ਬੇਗ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਤੋੋਂ ਦਹਿਸ਼ਤੀ ਸਰਗਰਮੀਆਂ ਚਲਾਉਣ ਵਾਲੇ ਮੁਸ਼ਤਾਕ ਅਹਿਮਦ ਮੀਰ ਦੇ ਸੰਪਰਕ ਵਿੱਚ ਸੀ ਅਤੇ ਜ਼ਿਲ੍ਹੇ ਵਿੱਚ ਅਤਵਿਾਦ ਨੂੰ ਮੁੜ ਸੁਰਜੀਤ ਕਰਨ ’ਚ ਲੱਗਿਆ ਹੋਇਆ ਸੀ। ਰਿਸ਼ੀ ਸਾਲ 2000 ਵਿੱਚ ਕੋਠੀਬਾਗ਼ ’ਚ ਹੋਏ ਧਮਾਕੇ ’ਚ ਸ਼ਾਮਲ ਸੀ। ਧਮਾਕੇ ’ਚ 12 ਪੁਲੀਸ ਜਵਾਨਾਂ ਸਣੇ 14 ਵਿਅਕਤੀ ਮਾਰੇ ਗਏ ਸਨ। ਉਹ ਪਾਬੰਦੀਸ਼ੁਦਾ ਦਹਿਸ਼ਤੀ ਗੁਟ ਹਿਜ਼ਬੁਲ ਮੁਜਾਹਿਦੀਨ ਨਾਲ ਜੁੜਿਆ ਹੋਇਆ ਸੀ ਅਤੇ ਬਾਅਦ ਵਿੱਚ ਦਹਿਸ਼ਤੀ ਗੁਟ ਅਲ-ਬਦਰ ਨਾਲ ਜੁੜ ਗਿਆ। ਰਿਸ਼ੀ 2009 ’ਚ ਸੁੰਬਲ ’ਚ ਫੌਜ ਦੇ ਵਾਹਨ ਨੂੰ ਸਾੜਨ ਦੀ ਘਟਨਾ ’ਚ ਵੀ ਸ਼ਾਮਲ ਸੀ ਅਤੇ ਕੇਸ ਵਿੱਚ ਜ਼ਮਾਨਤ ’ਤੇ ਬਾਹਰ ਸੀ। ਤਰਜਮਾਨ ਨੇ ਦੱਸਿਆ ਕਿ ਮੁਨੀਰਾ ਬੇਗ਼ਮ ਵੱਲੋਂ ਕੀਤੇ ਖੁਲਾਸੇ ਮਗਰੋਂ ਸੁਰੱਖਿਆ ਬਲਾਂ ਨੇ ਨੇੇੜਲੇ ਜੰਗਲੀ ਇਲਾਕੇ ’ਚੋਂ ਅਸਲੇ ਦੀ ਖੇਪ ਬਰਾਮਦ ਕੀਤੀ ਹੈ ਜਿਸ ਵਿੱਚ ਕਰਨਿਕੋਵ ਏਕੇ-47 ਰਾਈਫਲ, ਤਿੰਨ ਮੈਗਜ਼ੀਨ, 90 ਕਾਰਤੂਸ ਅਤੇ ਇੱਕ ਪੈੱਨ ਪਿਸਤੌਲ ਸ਼ਾਮਲ ਹੈ। ਇਹ ਖੇਪ ਰਿਸ਼ੀ ਨੂੰ ਸੌਂਪੀ ਜਾਣੀ ਸੀ। ਤਰਜਮਾਨ ਮੁਤਾਬਕ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਮੁਨੀਰਾ ਦੋ ਵਾਰ ਪਾਕਿਸਤਾਨ ਜਾ ਚੁੱਕੀ ਹੈ। ਜਦਕਿ ਰਿਸ਼ੀ ਨੇ ਮੰਨਿਆ ਹੈ ਕਿ ਜ਼ਿਲ੍ਹੇ ਵਿੱਚ ਦਹਿਸ਼ਤਗਰਦੀ ਨੂੰ ਸੁਰਜੀਤ ਕਰਨ ਲਈ ਉਸ ਨੂੰ 47 ਲੱਖ ਰੁਪਏ ਪ੍ਰਾਪਤ ਹੋਏ ਸਨ। -ਪੀਟੀਆਈ