ISRO Privatization: ਮੁਲਾਜ਼ਮ ਜਥੇਬੰਦੀਆਂ ਨੇ ਇਸਰੋ ਦੇ ਨਿੱਜੀਕਰਨ ਬਾਰੇ ਸਪਸ਼ਟੀਕਰਨ ਮੰਗਿਆ
ਪੁਲਾਡ਼ ਏਜੰਸੀ ਦੇ ਚੇਅਰਮੈਨ ਨੂੰ ਪੱਤਰ ਲਿਖਿਆ; ਭਵਿੱਖੀ ਯੋਜਨਾ ਬਾਰੇ ਸਵਾਲ ਪੁੱਛੇ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਨੌਂ ਮੁਲਾਜ਼ਮ ਜਥੇਬੰਦੀਆਂ ਨੇ ਪੁਲਾੜ ਏਜੰਸੀ ਦੇ ਚੇਅਰਮੈਨ ਵੀ ਨਾਰਾਇਣਨ ਨੂੰ ਪੱਤਰ ਲਿਖ ਕੇ ਇਸਰੋ ਦੇ ਨਿਰਮਾਣ ਅਤੇ ਸੰਚਾਲਨ ਦਾ ਕੰਮ ਨਿੱਜੀ ਸੰਸਥਾਵਾਂ ਨੂੰ ਸੌਂਪਣ ਦੀ ਪ੍ਰਸਤਾਵਿਤ ਯੋਜਨਾ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਜਥੇਬੰਦੀਆਂ ਵੱਲੋਂ 4 ਸਤੰਬਰ ਨੂੰ ਲਿਖੇ ਪੱਤਰ ਵਿੱਚ ਇਸਰੋ ਦੀ ਭਵਿੱਖੀ ਭੂਮਿਕਾ, ਮੌਜੂਦਾ ਮੁਲਾਜ਼ਮਾਂ ਅਤੇ ਭਵਿੱਖ ਵਿੱਚ ਭਰਤੀ ’ਤੇ ਪੈਣ ਵਾਲੇ ਅਸਰ ਬਾਰੇ ਵੀ ਸਵਾਲ ਚੁੱਕੇ ਗਏ ਹਨ।
ਜਥੇਬੰਦੀਆਂ ਨੇ ਭਾਰਤੀ ਕੌਮੀ ਪੁਲਾੜ ਪ੍ਰਮੋਸ਼ਨ ਅਤੇ ਅਧਿਕਾਰ ਕੇਂਦਰ (ਇਨ-ਸਪੇਸ) ਦੇ ਚੇਅਰਮੈਨ ਪਵਨ ਗੋਇਨਕਾ ਦੀ 21 ਅਗਸਤ ਦੀ ਟਿੱਪਣੀ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਆਖ਼ਰਕਾਰ ਇਸਰੋ ਲਾਂਚ ਵਾਹਨ ਨਾ ਤਾਂ ਬਣਾਏਗਾ ਅਤੇ ਨਾ ਹੀ ਤਿਆਰ ਕਰੇਗਾ, ਸਗੋਂ ਇਹ ਕੰਮ ਨਿੱਜੀ ਖੇਤਰ ਜਾਂ ਸਰਕਾਰੀ ਉੱਦਮ ਕਰਨਗੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸਰੋ ਦੁਆਰਾ ਵਿਕਸਤ ਤਕਨਾਲੋਜੀ ਰਾਸ਼ਟਰੀ ਸੰਪਤੀ ਹੈ। ਇਸਦਾ ਤਬਾਦਲਾ ਪਾਰਦਰਸ਼ੀ, ਜਵਾਬਦੇਹ ਅਤੇ ਰਣਨੀਤਕ, ਸੁਰੱਖਿਆ ਅਤੇ ਰੁਜ਼ਗਾਰ ਅਨੁਸਾਰ ਹੋਣਾ ਚਾਹੀਦਾ ਹੈ। ਪੱਤਰ ਵਿੱਚ ਹੋਰ ਵੀ ਚਿੰਤਾਵਾਂ ਬਾਰੇ ਗੱਲ ਕੀਤੀ ਗਈ ਹੈ ਜਿਸ ਵਿੱਚ ਪੁੱਛਿਆ ਗਿਆ ਹੈ ਕਿ ਪੀ ਐੱਸ ਐੱਲ ਵੀ, ਐੱਲ ਵੀ ਐੱਮ 3 ਅਤੇ ਐੱਸ ਐੱਸ ਐੱਲ ਵੀ ਸਮੇਤ ਭਵਿੱਖ ਦੇ ਲਾਂਚ ਵਾਹਨਾਂ ਦਾ ਡਿਜ਼ਾਈਨ, ਵਿਕਾਸ, ਨਿਰਮਾਣ, ਟੈਸਟਿੰਗ ਅਤੇ ਲਾਂਚਿੰਗ ਇਸਰੋ ਵੱਲੋਂ ਕੀਤੀ ਜਾਵੇਗੀ ਜਾਂ ਨਹੀਂ। ਇਸਰੋ ਦੀ ਸਥਾਪਨਾ 1969 ਵਿੱਚ ਹੋਈ ਸੀ ਅਤੇ ਵਿਕਰਮ ਸਾਰਾਭਾਈ ਇਸ ਦੇ ਪਹਿਲੇ ਚੇਅਰਮੈਨ ਸਨ।
ਇਸਰੋ ਭਾਰਤੀ ਪੁਲਾੜ ਖੇਤਰ ਦੀ ਨੀਂਹ ਬਣਿਆ ਰਹੇਗਾ: ਗੋਇਨਕਾ
ਇਨ-ਸਪੇਸ ਦੇ ਚੇਅਰਮੈਨ ਪਵਨ ਗੋਇਨਕਾ ਨੇ ਕਿਹਾ ਕਿ ਇਸਰੋ ਦੀ ਭੂਮਿਕਾ ਘਟ ਨਹੀਂ ਰਹੀ ਅਤੇ ਇਹ ਭਾਰਤ ਦੇ ਪੁਲਾੜ ਖੇਤਰ ਦੀ ਨੀਂਹ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਉੱਨਤ ਰਾਕੇਟਾਂ ਤੇ ਉਪਗ੍ਰਹਿਆਂ ਦਾ ਵੱਡੇ ਪੱਧਰ ’ਤੇ ਨਿਰਮਾਣ ਕਰੇਗਾ, ਜਦਕਿ ਇਸਰੋ ਉੱਨਤ ਖੋਜ, ਵਿਗਿਆਨਕ ਤੇ ਰਣਨੀਤਕ ਮਿਸ਼ਨਾਂ ਅਤੇ ਨਵੀਂ ਤਕਨਾਲੋਜੀ ’ਤੇ ਧਿਆਨ ਦੇਵੇਗਾ। ਇਹ ਸਪੱਸ਼ਟੀਕਰਨ ਇਸਰੋ ਦੀਆਂ ਨੌਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਨਿੱਜੀਕਰਨ ਸਬੰਧੀ ਸਪੱਸ਼ਟੀਕਰਨ ਮੰਗੇ ਜਾਣ ਤੋਂ ਬਾਅਦ ਆਇਆ ਹੈ।
ਮੋਦੀ ਸਰਕਾਰ ਇਸਰੋ ਦੀ ਭੂਮਿਕਾ ਨੂੰ ਸੀਮਤ ਕਰ ਰਹੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਦੇ ਨਾਂ ’ਤੇ ਮੋਦੀ ਸਰਕਾਰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਭੂਮਿਕਾ ਨੂੰ ਜਾਣਬੁੱਝ ਕੇ ਸੀਮਤ ਕਰ ਰਹੀ ਹੈ ਅਤੇ ਦਹਾਕਿਆਂ ਵਿੱਚ ਵਿਕਸਤ ਕੀਤੀਆਂ ਇਸ ਦੀਆਂ ਸਮਰੱਥਾਵਾਂ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਨਿੱਜੀ ਕੰਪਨੀਆਂ ਦੀ ਲੰਬੇ ਸਮੇਂ ਦੀ ਵਚਨਬੱਧਤਾ ਬਾਰੇ ਸਵਾਲ ਉਠਾਏ। ਉਨ੍ਹਾਂ ਇਸ ਸਬੰਧੀ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ। ਰਮੇਸ਼ ਨੇ ਕਿਹਾ ਕਿ ਇਸਰੋ ਭਾਈਚਾਰੇ ਦੇ ਅੰਦਰੋਂ ਉੱਠ ਰਹੀਆਂ ਆਵਾਜ਼ਾਂ ਹੌਸਲੇ ਵਾਲੀਆਂ ਅਤੇ ਸ਼ਲਾਘਾਯੋਗ ਹਨ।

