Punjab CBI Probe: ਬੇਨੇਮੀਆਂ ਦੇ ਮਾਮਲੇ: ਸੀ ਬੀ ਆਈ ਵੱਲੋਂ ਫਾਈਲਾਂ ਦੀ ਛਾਣਬੀਣ ਸ਼ੁਰੂ
15 ਮਾਮਲਿਆਂ ਦਾ ਰਿਕਾਰਡ ਕੇਂਦਰੀ ਏਜੰਸੀ ਕੋਲ ਪੁੱਜਿਆ
ਸੀ ਬੀ ਆਈ ਨੇ ਪੰਜਾਬ ਵਿੱਚ ਬਦਲੀਆਂ ਅਤੇ ਤਾਇਨਾਤੀਆਂ, ਪੱਖਪਾਤੀ ਨੀਤੀਆਂ ਅਤੇ ਟੈਂਡਰ ਅਲਾਟਮੈਂਟ ਨਾਲ ਜੁੜੀਆਂ ਕਥਿਤ ਬੇਨੇਮੀਆਂ ਨਾਲ ਸਬੰਧਿਤ 15 ਮਾਮਲਿਆਂ ਦੀਆਂ ਸਰਕਾਰੀ ਫਾਈਲਾਂ ਦੀ ਪੜਤਾਲ ਵਿੱਢ ਦਿੱਤੀ ਹੈ। ਸੀ ਬੀ ਆਈ ਦੀ 29 ਮੈਂਬਰੀ ਟੀਮ ਵੱਲੋਂ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵਿਭਾਗਾਂ ਨੇ ਕੇਂਦਰੀ ਏਜੰਸੀ ਨੂੰ ਲੋੜੀਂਦਾ ਰਿਕਾਰਡ ਮੁਹੱਈਆ ਕਰਵਾ ਦਿੱਤਾ ਹੈ। ਸੀ ਬੀ ਆਈ ਟੀਮ ਨੇ ਪ੍ਰਾਈਵੇਟ ਵਿਅਕਤੀ, ਜਿਨ੍ਹਾਂ ਨੇ ਕਿਸੇ ਨਾ ਕਿਸੇ ਘੁਟਾਲੇ ਨੂੰ ਬੇਪਰਦ ਕੀਤਾ ਸੀ, ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਹੈ।
ਚੇਤੇ ਰਹੇ ਕਿ ਸੀ ਬੀ ਆਈ ਨੇ ਮੁੱਖ ਮੰਤਰੀ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਅਤੇ ਪੰਜ ਹੋਰ ਕਰੀਬੀਆਂ ਨਿਤਿਨ ਗੋਹਲ, ਜਿਤਿਨ ਗੋਹਲ, ਰੋਮੀ ਮਹਾਜਨ, ਬੀਰ ਦਵਿੰਦਰ ਅਤੇ ਆਰ ਐੱਸ ਨਾਗਰਾ ਖ਼ਿਲਾਫ਼ 5 ਅਕਤੂਬਰ ਨੂੰ ਕੇਸ ਦਰਜ ਕੀਤਾ ਸੀ। ਸੀ ਬੀ ਆਈ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਰਾਜਬੀਰ ਘੁੰਮਣ ਅਤੇ ਜਿਤਿਨ ਗੋਹਲ ਦੀ ਨਿਯੁਕਤੀ ਨਾਲ ਸਬੰਧਿਤ ਫਾਈਲਾਂ ਵੀ ਮੰਗੀਆਂ ਹਨ। ਲੰਘੇ ਦੋ ਦਿਨਾਂ ਦੌਰਾਨ ਵੱਖ-ਵੱਖ ਵਿਭਾਗਾਂ ਨੇ ਸੀ ਬੀ ਆਈ ਨੂੰ ਫਾਈਲਾਂ ਭੇਜ ਦਿੱਤੀਆਂ ਹਨ।
ਸੀ ਬੀ ਆਈ ਵੱਲੋਂ ਤਲਬ ਕੀਤੇ ਰਿਕਾਰਡ ’ਚ ਪੰਜਾਬ ਸਥਾਨਕ ਸਰਕਾਰਾਂ ਵਿਭਾਗ ਵਿੱਚ ਸਹਾਇਕ ਟਾਊਨ ਪਲਾਨਰਾਂ (ਗਰੇਡ-ਏ) ਦੀ 2024 ਵਿੱਚ ਹੋਈ ਭਰਤੀ ਨਾਲ ਸਬੰਧਿਤ, ਜ਼ੀਰਕਪੁਰ ਦੇ ਏਅਰਪੋਰਟ ਰੋਡ ’ਤੇ ਪਿੰਡ ਛੱਤ ਵਿੱਚ ‘ਮਾਲਵਾ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ’ ਵੱਲੋਂ ਵਿਕਸਤ ਕੀਤੇ ਜਾ ਰਹੇ ‘ਐਸਕੋਨ ਪ੍ਰਾਈਮੇਰਾ’ ਗਰੁੱਪ ਹਾਊਸਿੰਗ ਪ੍ਰਾਜੈਕਟ ਨਾਲ ਜੁੜੀਆਂ ਫਾਈਲਾਂ ਅਤੇ ਰਾਜਬੀਰ ਘੁੰਮਣ ਦੀ ‘ਅਫਸਰ ਔਨ ਸਪੈਸ਼ਲ ਡਿਊਟੀ’ ਵਜੋਂ ਨਿਯੁਕਤੀ ਤੋਂ ਇਲਾਵਾ ਜਿਤਿਨ ਗੋਹਲ ਦੀ ਮੁੱਖ ਮੰਤਰੀ ਦਫ਼ਤਰ ’ਚ ਤਾਇਨਾਤੀ ਨਾਲ ਸਬੰਧਿਤ ਰਿਕਾਰਡ ਸ਼ਾਮਲ ਹੈ।
ਸੀ ਬੀ ਆਈ ਨੇ ਸਾਲ 2024 ਦੌਰਾਨ ਸਰਹਿੰਦ ਦੇ ‘ਮਾਈਂਡ ਕੇਅਰ ਹਸਪਤਾਲ’ ਦੇ ਲਾਇਸੈਂਸਾਂ ਦੇ ਨਵੀਨੀਕਰਨ; 2024-25 ਵਿੱਚ ‘ਵੇਰਕਾ’ ਵੱਲੋਂ ਕੀਤੀ ਖ਼ਰੀਦ; ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ 2024 ਲਈ ਅਨਾਜ ਦੀ ਢੋਆ-ਢੁਆਈ ਅਤੇ ਮਜ਼ਦੂਰੀ ਸਬੰਧੀ ਬਣਾਈਆਂ ਗਈਆਂ ਨੀਤੀਆਂ ਨਾਲ ਸਬੰਧਿਤ ਰਿਕਾਰਡ ਮੰਗਿਆ ਹੈ। ਅਸਲਾ ਲਾਇਸੈਂਸਾਂ ਨਾਲ ਜੁੜਿਆ ਰਿਕਾਰਡ ਵੀ ਤਲਬ ਕੀਤਾ ਗਿਆ ਹੈ।

