DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਦਾ ਸੁਪਰੀਮ ਆਗੂ ਖਮੇਨੇਈ ਹਲਾਕ

ਅਮਰੀਕਾ ਤੇ ਇਜ਼ਰਾੲੀਲ ਨੇ ਸਟੀਕ ਹਮਲਾ ਕਰ ਕੇ ਬਣਾਇਆ ਨਿਸ਼ਾਨਾ ; ਇਰਾਨ ’ਚ 40 ਦਿਨ ਦੇ ਸੋਗ ਦਾ ਐਲਾਨ ; ਇਜ਼ਰਾੲੀਲ ਵੱਲੋਂ ਇਰਾਨੀ ਫ਼ੌਜ ਦੇ 40 ਸੀਨੀਅਰ ਅਧਿਕਾਰੀ ਮਾਰਨ ਦਾ ਦਾਅਵਾ w ਅਮਰੀਕਾ ਦੇ ਿਤੰਨ ਫ਼ੌਜੀ ਹਲਾਕ

  • fb
  • twitter
  • whatsapp
  • whatsapp
featured-img featured-img
ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਖਮੇਨੇਈ (ਇਨਸੈੱਟ) ਦੀ ਹੱਤਿਆ ਮਗਰੋਂ ਤਹਿਰਾਨ ’ਚ ਜੁੜੇ ਲੋਕ ਰੋਸ ਪ੍ਰਗਟਾਉਂਦੇ ਹੋਏ। -ਫੋਟੋਆਂ: ਪੀਟੀਆਈ
Advertisement

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ’ਚ ਇਰਾਨ ਦਾ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੇਈ (86) ਮਾਰਿਆ ਗਿਆ। ਇਰਾਨ ਨੇ ਅੱਜ ਸਵੇਰੇ ਇਸ ਦੀ ਪੁਸ਼ਟੀ ਕਰ ਦਿੱਤੀ। ਖਮੇਨੇਈ ’ਤੇ ਇਹ ਹਮਲਾ ਤਹਿਰਾਨ ਸਥਿਤ ਉਨ੍ਹਾਂ ਦੇ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਸੈਟੇਲਾਈਟ ਰਾਹੀਂ ਸਾਹਮਣੇ ਆਈਆਂ ਹਨ। ਇਰਾਨ ਵਿੱਚ 40 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਪੂਰੇ ਮੁਲਕ ’ਚ ਮਾਤਮ ਵਜੋਂ ਸੱਤ ਦਿਨ ਦੀ ਛੁੱਟੀ ਕਰ ਦਿੱਤੀ ਗਈ ਹੈ।

ਰਿਪੋਰਟਾਂ ਮੁਤਾਬਕ ਹਮਲਿਆਂ ’ਚ ਖਮੇਨੇਈ ਦੀ ਧੀ, ਪੋਤੇ-ਪੋਤੀਆਂ ਅਤੇ ਜਵਾਈ ਵੀ ਮਾਰਿਆ ਗਿਆ ਹੈ। ਇਜ਼ਰਾਇਲੀ ਫ਼ੌਜ ਨੇ ਇਰਾਨੀ ਹਥਿਆਰਬੰਦ ਬਲਾਂ ਦੇ ਚੀਫ ਆਫ ਸਟਾਫ ਅਬਦੁੱਲ ਰਹੀਮ ਮੌਸਾਵੀ ਸਮੇਤ ਸਿਖਰਲੇ 40 ਫ਼ੌਜੀ ਅਧਿਕਾਰੀਆਂ ਦੇ ਮਾਰੇ ਜਾਣ ਦਾ ਵੀ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ 48 ਆਗੂ ਮਾਰੇ ਗਏ ਹਨ। ਇਸ ਦੌਰਾਨ ਅਮਰੀਕੀ ਫ਼ੌਜ ਨੇ ਕਿਹਾ ਕਿ ਇਰਾਨ ਅਪਰੇਸ਼ਨ ਦੌਰਾਨ ਉਨ੍ਹਾਂ ਦੇ ਤਿੰਨ ਫ਼ੌਜੀ ਮਾਰੇ ਗਏ ਜਦਕਿ ਪੰਜ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਸੈਂਟਰਲ ਕਮਾਂਡ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਯੂ ਏ ਈ ’ਤੇ ਹਮਲੇ ’ਚ ਤਿੰਨ ਵਿਅਕਤੀ ਮਾਰੇ ਗਏ ਜਦਕਿ 58 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚ ਇਕ ਭਾਰਤੀ ਵੀ ਸ਼ਾਮਲ ਹੈ। ਖਮੇਨੇਈ ਦੀ ਮੌਤ ਨਾਲ ਇਰਾਨੀ ਹਕੂਮਤ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ। ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਟੀ ਵੀ ’ਤੇ ਦਿੱਤੇ ਸੁਨੇਹੇ ’ਚ ਖਮੇਨੇਈ ਦੀ ਹੱਤਿਆ ਨੂੰ ਸ਼ਹਾਦਤ ਦੱਸਿਆ। ਉਨ੍ਹਾਂ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨੂੰ ਮੁਸਲਮਾਨਾਂ ਖ਼ਿਲਾਫ਼ ਜੰਗ ਕਰਾਰ ਦਿੰਦਿਆਂ ਕਿਹਾ ਕਿ ਇਰਾਨੀ ਫ਼ੌਜ ਦੁਸ਼ਮਣਾਂ ਦੇ ਹੌਸਲੇ ਢਾਹੁਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਨਵੀਂ ਆਰਜ਼ੀ ਲੀਡਰਸ਼ਿਪ ਕੌਂਸਲ ਨੇ ਆਪਣੇ ਸੁਪਰੀਮ ਆਗੂ ਦੀ ਚੋਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

Advertisement

Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖਮੇਨੇਈ ਦੀ ਮੌਤ ਦਾ ਸਭ ਤੋਂ ਪਹਿਲਾਂ ਐਲਾਨ ਕਰਦਿਆਂ ਕਿਹਾ ਕਿ ਇਰਾਨੀ ਲੋਕਾਂ ਲਈ ਆਪਣੇ ਮੁਲਕ ਦੀ ਕਮਾਨ ਸੰਭਾਲਣ ਦਾ ਇਹ ‘ਸਭ ਤੋਂ ਵੱਡਾ ਮੌਕਾ’ ਹੈ। ਸਟੀਕ ਅਤੇ ਭਾਰੀ ਬੰਬਾਰੀ ਜਾਰੀ ਰਹੇਗੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ‘ਐਕਸ’ ’ਤੇ ਫਾਰਸੀ ’ਚ ਜਾਰੀ ਸੁਨੇਹੇ ’ਚ ਇਰਾਨ ਦੇ ਲੋਕਾਂ ਨੂੰ ਕਿਹਾ ਕਿ ਉਹ ਜ਼ੁਲਮ ਦੀਆਂ ਬੇੜੀਆਂ ਤੋੜ ਕੇ ਸੜਕਾਂ ’ਤੇ ਉਤਰ ਕੇ ਸਰਕਾਰ ਦਾ ਤਖਤਾ ਪਲਟ ਕਰਨ।

ਅਮਰੀਕਾ ਨੇ ਅੱਠ ਮਹੀਨਿਆਂ ’ਚ ਦੂਜੀ ਵਾਰ ਇਰਾਨ ਨੂੰ ਨਿਸ਼ਾਨਾ ਬਣਾਇਆ ਹੈ ਜਦਕਿ ਟਰੰਪ ਪ੍ਰਸ਼ਾਸਨ ਇਰਾਨ ਨਾਲ ਉਸ ਦੇ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਕਰ ਰਿਹਾ ਸੀ। ਇਰਾਨ ਨੇ ਖਮੇਨੇਈ ਦੀ ਮੌਤ ਮਗਰੋਂ ਬਦਲਾ ਲੈਣ ਦਾ ਅਹਿਦ ਲਿਆ ਅਤੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਅਤੇ ਮੱਧ ਪੂਰਬੀ ਏਸ਼ਿਆਈ ਖ਼ਿੱਤੇ ਵਿੱਚ ਸਥਿਤ ਅਮਰੀਕੀ ਫ਼ੌਜੀ ਅੱਡਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਅੱਜ ਮੁੜ ਹਮਲੇ ਕੀਤੇ। ਮੱਧ ਇਜ਼ਰਾਈਲ ਦੇ ਬੇਤ ਸ਼ੇਮੇਸ਼ ’ਚ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ’ਚ 10 ਵਿਅਕਤੀ ਮਾਰੇ ਗਏ। ਇਜ਼ਰਾਈਲ ਨੇ ਮਿਨਾਬ ਸ਼ਹਿਰ ’ਚ ਲੜਕੀਆਂ ਦੇ ਸਕੂਲ ’ਤੇ ਹਮਲੇ ’ਚ 165 ਤੋਂ ਵੱਧ ਮੌਤਾਂ ਹੋਣ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਅਮਰੀਕਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਕੁਵੈਤ, ਕਤਰ ਅਤੇ ਬਹਿਰੀਨ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਇਰਾਨ ਵੱਲੋਂ ਦਾਗ਼ੀਆਂ ਗਈਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ। ਕੁਵੈਤ ਨੇ ਕਿਹਾ ਕਿ ਹਮਲਿਆਂ ’ਚ ਇਕ ਵਿਅਕਤੀ ਹਲਾਕ ਅਤੇ 32 ਹੋਰ ਜ਼ਖ਼ਮੀ ਹੋ ਗਏ ਹਨ। ਅਬੂ ਧਾਬੀ ’ਚ ਇਕ ਡਰੋਨ ਨੂੰ ਫੁੰਡਣ ਮਗਰੋਂ ਉਸ ਦੇ ਟੁੱਕੜੇ ਇਕ ਟਾਵਰ ’ਤੇ ਡਿੱਗੇ ਜਿਸ ਨਾਲ ਇਕ ਮਹਿਲਾ ਅਤੇ ਬੱਚਾ ਜ਼ਖ਼ਮੀ ਹੋ ਗਏ। ਇਰਾਨ ਨੇ ਅਰਬ ਸਾਗਰ ’ਚ ਤਾਇਨਾਤ ਅਮਰੀਕੀ ਬੇੜੇ ਅਬਰਾਹਮ ਲਿੰਕਨ ’ਤੇ ਚਾਰ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ। ਯੂ ਏ ਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਇਰਾਨ ਨੂੰ ਕਿਹਾ ਕਿ ਉਹ ਹੋਸ਼ ’ਚ ਆਵੇ, ਆਪਣੇ ਆਲੇ-ਦੁਆਲੇ ਦੇ ਮਾਹੌਲ ’ਤੇ ਧਿਆਨ ਦੇਵੇ ਅਤੇ ਤਣਾਅ ਹੋਰ ਵਧਣ ਤੋਂ ਪਹਿਲਾਂ ਆਪਣੇ ਗੁਆਂਢੀਆਂ ਨਾਲ ਪੂਰੀ ਜ਼ਿੰਮੇਵਾਰੀ ਨਾਲ ਪੇਸ਼ ਆਵੇ।

ਨਵੀਂ ਲੀਡਰਸ਼ਿਪ ਕੌਂਸਲ ਦੇ ਹੱਥ ਇਰਾਨ ਦੀ ਕਮਾਨ

ਦੁਬਈ: ਆਇਤੁੱਲਾ ਖਮੇਨੇਈ ਦੀ ਮੌਤ ਮਗਰੋਂ ਇਰਾਨ ਨੇ ਆਰਜ਼ੀ ਲੀਡਰਸ਼ਿਪ ਕੌਂਸਲ ਦਾ ਗਠਨ ਕੀਤਾ ਹੈ ਜੋ ਨਵੇਂ ਆਗੂ ਦੀ ਚੋਣ ਤੱਕ ਮੁਲਕ ਦੀ ਕਮਾਨ ਸੰਭਾਲੇਗੀ। ਕੌਂਸਲ ’ਚ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਚੀਫ ਜਸਟਿਸ ਗੁਲਾਮ ਹੁਸੈਨ ਮੋਹਸੇਨੀ ਈਜੇਇ ਅਤੇ ਗਾਰਜੀਅਨ ਕੌਂਸਲ ਦੇ ਮੈਂਬਰ ਅਲੀਰੇਜ਼ਾ ਅਰਾਫੀ ਨੂੰ ਸ਼ਾਮਲ ਕੀਤਾ ਗਿਆ ਹੈ। ਅਰਾਫੀ ਨੂੰ ਖਮੇਨੇਈ ਨੇ 2019 ’ਚ ਗਾਰਜੀਅਨ ਕੌਂਸਲ ਦਾ ਮੈਂਬਰ ਬਣਾਇਆ ਸੀ।

ਪੂਤਿਨ, ਚੀਨ ਤੇ ਹਿਜ਼ਬੁੱਲਾ ਵੱਲੋਂ ਖਮੇਨੇਈ ਦੀ ਮੌਤ ’ਤੇ ਅਫ਼ਸੋਸ ਜ਼ਾਹਿਰ

ਦੁਬਈ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਹਿਜ਼ਬੁੱਲਾ ਆਗੂ ਨਈਮ ਕਾਸਿਮ ਨੇ ਇਰਾਨੀ ਆਗੂ ਆਇਤੁੱਲਾ ਖਮੇਨੇਈ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਪੂਤਿਨ ਨੇ ਕਿਹਾ ਕਿ ਖਮੇਨੇਈ ਦੀ ਹੱਤਿਆ ਮਾਨਵੀ ਨੈਤਿਕਤਾ ਅਤੇ ਕੌਮਾਂਤਰੀ ਕਾਨੂੰਨ ਦੇ ਸਾਰੇ ਮਾਪਦੰਡਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਆਪਣੇ ਇਰਾਨੀ ਹਮਰੁਤਬਾ ਨੂੰ ਅਫਸੋਸ ਸੁਨੇਹਾ ਭੇਜ ਕੇ ਕਿਹਾ ਕਿ ਖਮੇਨੇਈ ਨੂੰ ਉੱਘੇ ਰਾਜਸੀ ਆਗੂ ਵਜੋਂ ਯਾਦ ਕੀਤਾ ਜਾਵੇਗਾ ਜਿਨ੍ਹਾਂ ਰੂਸ-ਇਰਾਨ ਸਬੰਧਾਂ ਨੂੰ ਵਧਾਉਣ ’ਚ ਸਹਾਇਤਾ ਕੀਤੀ ਸੀ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਖਮੇਨੇਈ ਦੀ ਹੱਤਿਆ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਖੁਦਮੁਖਤਾਰ ਮੁਲਕ ਦੇ ਆਗੂ ਦੀ ਘਿਨਾਉਣੀ ਹੱਤਿਆ ਅਤੇ ਸੱਤਾ ਤਬਦੀਲੀ ਲਈ ਭੜਕਾਹਟ ਨਾਮਨਜ਼ੂਰ ਹੈ। ਕੌਮਾਂਤਰੀ ਭਾਈਚਾਰੇ ਨੂੰ ਸਪੱਸ਼ਟ ਅਤੇ ਇਕਸੁਰ ’ਚ ਇਹ ਆਖਦਿਆਂ ਵਿਰੋਧ ਕਰਨਾ ਚਾਹੀਦਾ ਹੈ ਕਿ ਦੁਨੀਆ ਜੰਗਲ ਦੇ ਕਾਨੂੰਨ ਵੱਲ ਪਰਤ ਰਹੀ ਹੈ। ਲਿਬਨਾਨ ’ਚ ਹਿਜ਼ਬੁੱਲਾ ਆਗੂ ਨਈਮ ਕਾਸਿਮ ਨੇ ਖਮੇਨੇਈ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਦਿਆਂ ਅਹਿਦ ਲਿਆ ਕਿ ਹਿਜ਼ਬੁੱਲਾ ਅਮਰੀਕੀ ਅਤੇ ਇਜ਼ਰਾਇਲੀ ਜ਼ੁਲਮ ਦਾ ਸਾਹਮਣਾ ਕਰਨ ਲਈ ਟਾਕਰੇ ਦਾ ਰਾਹ ਨਹੀਂ ਛੱਡੇਗਾ। ਉਧਰ, ਪੋਪ ਲਿਓ 14ਵੇਂ ਨੇ ਅਮਰੀਕਾ ਤੇ ਇਜ਼ਰਾਈਲ ਅਤੇ ਇਰਾਨ ਨੂੰ ਹਿੰਸਾ ਰੋਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਥਿਆਰਾਂ ਨਾਲ ਸਿਰਫ਼ ਤਬਾਹੀ, ਦਰਦ ਅਤੇ ਮੌਤ ਦਾ ਮੰਜ਼ਰ ਹੀ ਪੈਦਾ ਹੁੰਦਾ ਹੈ ਤੇ ਨਿਆਂ ’ਤੇ ਆਧਾਰਿਤ ਵਾਰਤਾ ਦਾ ਰਾਹ ਅਪਣਾਉਣਾ ਚਾਹੀਦਾ ਹੈ। -ਏਪੀ

350 ਤੋਂ ਵੱਧ ਉਡਾਣਾਂ ਰੱਦ

ਨਵੀਂ ਦਿੱਲੀ/ਅੰਮ੍ਰਿਤਸਰ (ਪੀਟੀਆਈ/ਨਿੱਜੀ ਪੱਤਰ ਪ੍ਰੇਰਕ): ਇਰਾਨ ’ਚ ਜੰਗ ਮਗਰੋਂ ਬਣੇ ਹਾਲਾਤ ਕਾਰਨ ਅੱਜ ਮੁੰਬਈ, ਦਿੱਲੀ ਅਤੇ ਅੰਮ੍ਰਿਤਸਰ ਸਮੇਤ ਹੋਰ ਕਈ ਹਵਾਈ ਅੱਡਿਆਂ ਤੋਂ 350 ਤੋਂ ਵੱਧ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਨੂੰ 410 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਉਧਰ ਮੱਧ-ਪੂਰਬ ਏਸ਼ਿਆਈ ਖ਼ਿੱਤੇ ਵਿੱਚ ਤਣਾਅ ਕਾਰਨ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਵੀ ਅਸਰ ਦੇਖਣ ਨੂੰ ਮਿਲਿਆ ਅਤੇ ਅੱਜ ਕਰੀਬ 10 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਉਡਾਣਾਂ ਬਾਰੇ ਹਵਾਈ ਅੱਡਾ ਅਥਾਰਿਟੀ ਨੇ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਯਾਤਰੀਆਂ ਨਾਲ ਸਾਂਝੀ ਕੀਤੀ। ਹਵਾਈ ਅੱਡਾ ਪ੍ਰਬੰਧਕਾਂ ਨੇ ਦੱਸਿਆ ਕਿ ਮੌਜੂਦਾ ਹਾਲਾਤ ਅਤੇ ਹਵਾਈ ਖੇਤਰ ਵਿੱਚ ਪਾਬੰਦੀਆਂ ਕਰ ਕੇ ਦੋਹਾ-ਅੰਮ੍ਰਿਤਸਰ ਤੇ ਅੰਮ੍ਰਿਤਸਰ-ਦੋਹਾ, ਅੰਮ੍ਰਿਤਸਰ-ਸ਼ਾਰਜਾਹ, ਸ਼ਾਰਜਾਹ-ਅੰਮ੍ਰਿਤਸਰ ਅਤੇ ਦੁਬਈ ਤੇ ਹੋਰ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ: ਜੋਸ਼ੀ

ਚਿੱਕਮਗਲੁਰੂ/ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਮੱਧ ਪੂਰਬ ’ਚ ਜਾਰੀ ਜੰਗ ਕਾਰਨ ਫਸੇ ਭਾਰਤੀਆਂ ਦੀ ਸੁਰੱਖਿਆ ਵਾਪਸੀ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਚਿੱਕਮਗਲੁਰੂ ਦੇ ਰਾਮਭਾਪੁਰੀ ਮੱਠ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਨਵੀਂ ਦਿੱਲੀ ਨਾਲ ਸਬੰਧਤ ਅਧਿਕਾਰੀਆਂ ਕੋਲ ਚੁੱਕਣਗੇ। ਉਨ੍ਹਾਂ ਕਿਹਾ, ‘‘ਉੱਥੇ (ਮੱਧ ਪੂਰਬ) ’ਚ ਹਾਲਾਤ ਬਹੁਤ ਖਰਾਬ ਹਨ। ਮੈਨੂੰ ਪਤਾ ਲੱਗਾ ਹੈ ਕਿ ਉੱਥੇ ਕੰਨੜ ਲੋਕ ਫਸੇ ਹੋਏ ਹਨ। ਸਰਕਾਰ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।’’ ਇਸੇ ਦੌਰਾਨ ਵਿਦੇਸ਼ ਮੰਤਰਾਲੇ ਨੇ ਭਾਰਤ ’ਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ੇ ’ਚ ਵਾਧੇ ਲਈ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਹੈ। -ਪੀਟੀਆਈ

ਓਮਾਨ ਦੇ ਤੇਲ ਟੈਂਕਰ ’ਤੇ ਹਮਲਾ

ਨਵੀਂ ਦਿੱਲੀ: ਓਮਾਨ ਦੀ ਮੁਸੰਦਮ ਦੀ ਖਾੜੀ ’ਚ ਅੱਜ ਇਰਾਨੀ ਸੈਨਾ ਵੱਲੋਂ ਪਲਾਊ ਦਾ ਝੰਡਾ ਲੱਗੇ ਤੇਲ ਟੈਂਕਰ ’ਤੇ ਹਮਲਾ ਕੀਤਾ ਗਿਆ ਜਿਸ ’ਤੇ ਸਵਾਰ ਚਾਲਕ ਟੀਮ ਦੇ ਮੈਂਬਰਾਂ ’ਚ 15 ਭਾਰਤੀ ਵੀ ਸ਼ਾਮਲ ਹਨ। ਇਸ ਹਮਲੇ ’ਚ ਚਾਲਕ ਟੀਮ ਦੇ 4 ਮੈਂਬਰ ਜ਼ਖ਼ਮੀ ਹੋਏ ਹਨ। ਓਮਾਨੀ ਅਥਾਰਿਟੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਬੀਤੇ ਦਿਨ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਿਆਂ ਤੋਂ ਬਾਅਦ ਇਰਾਨ ਨੇ ਮੁੱਖ ਤੌਰ ’ਤੇ ਇਜ਼ਰਾਈਲ ਤੇ ਕਈ ਖਾੜੀ ਮੁਲਕਾਂ ’ਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਮਲੇ ਕੀਤੇ ਹਨ। ਓਮਾਨ ਦੀ ਖ਼ਬਰ ਏਜੰਸੀ ਅਨੁਸਾਰ ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਦੱਸਿਆ ਕਿ ਮੁਸੰਦਮ ਸੂਬੇ ਦੀ ਖਾਸਬ ਬੰਦਰਗਾਹ ਤੋਂ ਤਕਰੀਬਨ ਪੰਜ ਸਮੁੰਦਰੀ ਮੀਲ ਦੂਰ ਉੱਤਰ ਵੱਲ ਤੇਲ ਟੈਂਕਰ ਸਕਾਈਲਾਈਟ ’ਤੇ ਹਮਲਾ ਕੀਤਾ ਗਿਆ ਹੈ। ਜਹਾਜ਼ ’ਤੇ ਚਾਲਕ ਟੀਮ ਦੇ 20 ਮੈਂਬਰ ਸਵਾਰ ਸਨ ਜਿਨ੍ਹਾਂ ’ਚ 15 ਭਾਰਤੀ ਤੇ ਪੰਜ ਇਰਾਨੀ ਹਨ। ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਹਮਲੇ ’ਚ ਚਾਰ ਮੈਂਬਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਘਟਨਾ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਨਵੀਂ ਦਿੱਲੀ ਸਬੰਧਤ ਅਧਿਕਾਰੀਆਂ ਦੇ ਸੰਪਰਕ ’ਚ ਹੈ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਕਿਹਾ ਸੀ ਕਿ ਭਾਰਤ, ਇਰਾਨ ਤੇ ਖਾੜੀ ਖੇਤਰ ’ਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਫਿਕਰਮੰਦ ਹੈ। -ਪੀਟੀਆਈ

Advertisement
×