ਜਪਾਨ ਦੇ ਕਾਰੋਬਾਰੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਪਾਨ ਦੌਰੇ ਦੀ ਸ਼ੁਰੂਆਤ ਅੱਜ ਟੋਕੀਓ ਦੇ ਏਡੋਗਾਵਾ ਗਾਂਧੀ ਪਾਰਕ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ। ਉਨ੍ਹਾਂ ਜਪਾਨ ਦੇ ਕਾਰੋਬਾਰੀਆਂ ਅੱਗੇ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕਰਦਿਆਂ ਸੂਬੇ ਵਿੱਚ ਨਿਵੇਸ਼ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਜੇ ਬੀ ਆਈ ਸੀ, ਆਈਸਨ ਇੰਡਸਟਰੀ, ਯਾਮਾਹਾ, ਹੌਂਡਾ ਮੋਟਰਜ਼, ਜੇ ਆਈ ਸੀ ਏ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ, ਟੋਰੇ ਇੰਡਸਟਰੀਜ਼, ਫੁਜਿਤਸੂ ਲਿਮਟਿਡ ਅਤੇ ਹੋਰਾਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਐਡਵਾਂਸਡ ਮੈਨੂਫੈਕਚਰਿੰਗ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਗਲੋਬਲ ਸਰਵਿਸਿਜ਼ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਜਪਾਨ ਨਾਲ ਰਣਨੀਤਕ ਸਮਝੌਤੇ ਦੀ ਇੱਛਾ ਪ੍ਰਗਟਾਈ। ਉਨ੍ਹਾਂ ਜਪਾਨੀ ਕੰਪਨੀਆਂ ਨੂੰ ਪੰਜਾਬ ਵਿੱਚ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦਾ ਭਵਿੱਖ ਇਨ੍ਹਾਂ ਖੇਤਰਾਂ ਦੀਆਂ ਜ਼ਰੂਰਤਾਂ ਅਨੁਸਾਰ ਨਵਾਂ ਰੂਪ ਲੈ ਰਿਹਾ ਹੈ।
ਉਨ੍ਹਾਂ ਨਿਵੇਸ਼ਕਾਂ ਨੂੰ ਅਗਲੇ ਸਾਲ 13 ਤੋਂ 15 ਮਾਰਚ ਤੱਕ ਆਈ ਐੱਸ ਬੀ ਮੁਹਾਲੀ ਕੈਂਪਸ ’ਚ ਹੋਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਤੇ ਜਪਾਨ ਵਿਸ਼ਵਾਸ, ਗੁਣਵੱਤਾ ਅਤੇ ਲੰਮੇ ਸਮੇਂ ਦੀ ਵਚਨਬੱਧਤਾ ਨਾਲ ਡੂੰਘੇ ਵਪਾਰਕ ਸਬੰਧਾਂ ਦੀ ਸਮਰੱਥਾ ਰੱਖਦੇ ਹਨ ਤੇ ਸੂਬਾ ਸਰਕਾਰ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਜਪਾਨੀ ਨਿਵੇਸ਼ਕਾਂ ਨੂੰ ਹਰ ਪੱਖੋਂ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਜਪਾਨੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ।
