ਨਵੀਂ ਦਿੱਲੀ, 14 ਅਪਰੈਲ
‘ਫੇਸਬੁੱਕ’ ਇੰਡੀਆ ਦੇ ਮੁਖੀ ਅਜੀਤ ਮੋਹਨ ਨੇ ਕਿਹਾ ਹੈ ਕਿ ਇੰਟਰਨੈੱਟ ਕੰਪਨੀਆਂ ਲਈ ‘ਦੂਰਅੰਦੇਸ਼ੀ ਵਾਲੇ ਤੇ ਸਕਾਰਾਤਮਕ ਰੈਗੂਲੇਟਰੀ ਢਾਂਚੇ’ ਦੀ ਲੋੜ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੰਪਨੀਆਂ ਨੂੰ ਵੀ ਇਸ ਬਾਰੇ ਪਾਰਦਸ਼ਤਾ ਵਰਤਣ ਦੀ ਲੋੜ ਹੈ ਕਿ ਖ਼ਪਤਕਾਰਾਂ ਦਾ ਡੇਟਾ ਕਿਵੇਂ ਵਰਤਿਆ ਜਾ ਰਿਹਾ ਹੈ। ‘ਫੇਸਬੁੱਕ’ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਇੰਟਰਨੈੱਟ ਤੱਕ ਪਹੁੰਚ ਦੇ ਮਾਮਲੇ ਵਿਚ ‘ਵੱਡਾ ਬਦਲਾਅ’ ਦੇਖਿਆ ਹੈ। ਪਹੁੰਚ ਦਾ ਦਾਇਰਾ ਵੱਡਾ ਹੋਣ ਨਾਲ ਬਿਲਕੁਲ ਨਵੇਂ ਮਾਡਲ ਦੀ ਜ਼ਰੂਰਤ ਖੜ੍ਹੀ ਹੋਈ ਹੈ। ‘ਰਾਇਸੀਨਾ ਡਾਇਲਾਗ’ ਵਿਚ ਅਜੀਤ ਮੋਹਨ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇੰਟਰਨੈੱਟ ਲਈ ਨਵੇਂ ਨੇਮਾਂ ਦੀ ਲੋੜ ਹੈ, ਪਰ ਲੋੜ ਸਿਰਫ਼ ਭਾਰਤ ’ਚ ਨਹੀਂ ਪੂਰੀ ਦੁਨੀਆ ਵਿਚ ਹੈ। ਮੋਹਨ, ਫੇਸਬੁੱਕ ਇੰਡੀਆ ਦੇ ਐਮਡੀ ਦੇ ਉਪ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਕੁਝ ਖੇਤਰ ਹਨ ਜਿਨ੍ਹਾਂ ਲਈ ਨੇਮ ਬਣਾਉਣ ਉਤੇ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚੋਂ ਇਕ ਹੈ ਪਾਰਦਰਸ਼ਤਾ ਯਕੀਨੀ ਬਣਾਉਣਾ, ਖ਼ਪਤਕਾਰਾਂ ਨੂੰ ਦੱਸਣਾ ਕਿ ਉਨ੍ਹਾਂ ਦਾ ਡੇਟਾ ਕਿਵੇਂ ਵਰਤਿਆ ਜਾ ਰਿਹਾ ਹੈ। ਦੂਜਾ, ‘ਐਲਗੋਰਿਦਮ’ ਬਾਰੇ ਵੀ ਕਈ ਖ਼ਦਸ਼ੇ ਜ਼ਾਹਿਰ ਕੀਤੇ ਗਏ ਹਨ ਕਿ ਕਿਵੇਂ ਮਸ਼ੀਨਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰ ਰਹੀਆਂ ਹਨ। -ਪੀਟੀਆਈ