International Indigenous Day:ਕਈ ਥਾਈਂ ਕੌਮਾਂਤਰੀ ਮੂਲਵਾਸੀ ਦਿਵਸ ਮਨਾਇਆ
ਤ੍ਰਿਪੁਰਾ ਦੇ ਮੰਤਰੀ ਨੇ ਆਦਿਵਾਸੀਆਂ ਨੂੰ ਜੰਗਲਾਂ ਦੇ ਅਸਲ ਰਖਵਾਲੇ ਦੱਸਿਆ
ਦੁਨੀਆ ਦੇ ਮੂਲਵਾਸੀਆਂ ਨੂੰ ਸਮਰਪਿਤ ਕੌਮਾਂਤਰੀ ਦਿਹਾੜਾ ਅੱਜ ਅਗਰਤਲਾ ਦੀ ਸੁਕਾਂਤਾ ਅਕੈਡਮੀ ’ਚ ਮਨਾਇਆ ਗਿਆ। ਤ੍ਰਿਪੁਰਾ ਸਰਕਾਰ ਦੇ ਜੰਗਲਾਤ ਵਿਭਾਗ ਦੇ ਅਧੀਨ ਚੱਲ ਰਹੇ ਪ੍ਰਾਜੈਕਟਾਂ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਵਿਸ਼ਾ ‘ਤ੍ਰਿਪੁਰਾ ’ਚ ਜੰਗਲਾਤ ਪਰਿਵਾਰਾਂ ਦੇ ਰਖਵਾਲੇ-ਆਦਿਵਾਸੀ ਲੋਕ’ ਸੀ। ਸਮਾਗਮ ’ਚ ਤ੍ਰਿਪੁਰਾ ਦੇ ਜੰਗਲਾਤ ਮੰਤਰੀ ਅਨੀਮੇਸ਼ ਦੇਬਬਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਤਰੀ ਨੇ ਆਦਿਵਾਸੀਆਂ ਨੂੰ ਜੰਗਲਾਂ ਦੇ ਅਸਲ ਰਖਵਾਲੇ ਦੱਸਦਿਆਂ ਉਨ੍ਹਾਂ ਦੇ ਸਥਾਈ ਵਿਕਾਸ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਆਦਿਵਾਸੀ ਭਾਈਚਾਰਿਆਂ, ਸਵੈ-ਸਹਾਇਤਾ ਗਰੁੱਪਾਂ ਅਤੇ ਵੱਖ-ਵੱਖ ਖੇਤਰਾਂ ਦੇ ਲਗਪਗ 600 ਨੁਮਾਇੰਦਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਜੰਗਲਾਂ ਦੀ ਸਾਂਭ-ਸੰਭਾਲ, ਜੈਵਿਕ ਵਿਭਿੰਨਤਾ, ਰਵਾਇਤੀ ਗਿਆਨ ਅਤੇ ਲੱਕੜ ਰਹਿਤ ਜੰਗਲੀ ਉਤਪਾਦਾਂ ਦੀ ਮਹੱਤਤਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਜੰਗਲ ਪ੍ਰਬੰਧਨ ਅਤੇ ਰੁਜ਼ਗਾਰ ਨੂੰ ਹੱਲਾਸ਼ੇਰੀ ਦੇਣ ਲਈ ਆਦਿਵਾਸੀ ਭਾਈਚਾਰਿਆਂ ਅਤੇ ਵਿਕਾਸ ਪ੍ਰਾਜੈਕਟਾਂ ਨਾਲ ਮਿਲ ਕੇ ਕੰਮ ਕਰਨ ਲਈ ਜੰਗਲਾਤ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਇਸ ਦੌਰਾਨ ਸਵੈ-ਸਹਾਇਤਾ ਗਰੁੱਪਾਂ ਵੱਲੋਂ ਆਪਣੇ ਰਵਾਇਤੀ ਉਤਪਾਦਾਂ ਅਤੇ ਦਸਤਕਾਰੀ ਦੀ ਨੁਮਾਇਸ਼ ਵੀ ਲਾਈ ਗਈ। ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ’ਚ ਯੋਗਦਾਨ ਪਾਉਣ ਵਾਲੀਆਂ ਨੌਂ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲੇਬਾਂਗ ਬੁਮਾਨੀ, ਮਾਮਿਤਾ ਅਤੇ ਖੇਰਾਬੁਈ ਵਰਗੇ ਰਵਾਇਤੀ ਨਾਚਾਂ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ।

