Indonesia Earthquake: ਇੰਡੋਨੇਸ਼ੀਆ ’ਚ ਭਿਆਨਕ ਭੂਚਾਲ ਨਾਲ ਤਬਾਹੀ: 47 ਮੌਤਾਂ, ਕਈ ਲਾਪਤਾ
ਬਚਾਅ ਟੀਮਾਂ ਵੱਲੋਂ ਮਲਬਾ ਹਟਾ ਕੇ ਬਚੇ ਹੋਏ ਲੋਕਾਂ ਅਤੇ ਲਾਸ਼ਾਂ ਦੀ ਭਾਲ ਜਾਰੀ
Indonesia Earthquake: ਇੰਡੋਨੇਸ਼ੀਆ ਦੇ ਪੂਰਬੀ ਨੁਸਾ ਤੇਂਗਾਰਾ ਵਿੱਚ ਆਏ ਭੂਚਾਲ ਨੇ ਤਬਾਹੀ ਮਚਾਈ ਹੈ। ਹੁਣ ਤੱਕ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 100 ਤੋਂ ਵੱਧ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਕੌਮੀਂ ਆਫਤ ਪ੍ਰਬੰਧਨ ਏਜੰਸੀ ਦੇ ਅਨੁਸਾਰ, ਮੰਗਰਾਈ ਰੀਜੈਂਸੀ ਵਿੱਚ 24 ਅਤੇ ਗੁਆਂਢੀ ਈਸਟ ਮੰਗਰਾਈ ਵਿੱਚ 17 ਲੋਕਾਂ ਦੀ ਜਾਨ ਗਈ ਹੈ, ਜਦਕਿ ਸਿੱਕਾ, ਨਗਾਡਾ ਅਤੇ ਏਂਡੇ ਵਿੱਚ ਵੀ ਮੌਤਾਂ ਦੀ ਪੁਸ਼ਟੀ ਹੋਈ ਹੈ।
7.7 ਤੀਬਰਤਾ ਦੇ ਝਟਕਿਆਂ ਨਾਲ ਧਰਤੀ ਕੰਬੀ
ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਅਨੁਸਾਰ, ਭੂਚਾਲ ਦੀ ਤੀਬਰਤਾ ਰੈਕਟਰ ਪੈਮਾਨੇ ’ਤੇ 7.7 ਮਾਪੀ ਗਈ, ਜਿਸ ਦਾ ਕੇਂਦਰ ਏਂਡੇ ਤੋਂ 68 ਕਿਲੋਮੀਟਰ ਉੱਤਰ-ਉੱਤਰ-ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਇਸ ਭੂਚਾਲ ਦੇ ਤੇਜ਼ ਝਟਕੇ ਪੂਰੇ ਫਲੋਰਸ ਟਾਪੂ ਤੋਂ ਇਲਾਵਾ ਵੈਸਟ ਨੁਸਾ ਤੇਂਗਾਰਾ ਅਤੇ ਦੱਖਣੀ ਸੁਲਾਵੇਸੀ ਤੱਕ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਘਰਾਂ ਤੋਂ ਬਾਹਰ ਭੱਜ ਨਿਕਲੇ। ਆਫਤ ਏਜੰਸੀ ਅਨੁਸਾਰ, ਭੂਚਾਲ ਕਾਰਨ 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਲਗਭਗ 450 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

