ਨਵੀਂ ਦਿੱਲੀ, 8 ਅਗਸਤ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਜੇਕਰ ਭਾਰਤ ਅਤੇ ਚੀਨ ਦੇ ਅਕਾਰ ਅਤੇ ਪ੍ਰਭਾਵ ਨੂੰ ਦੇਖੀਏ ਤਾਂ ਵਿਸ਼ਵ ਦੀ ਦੋਵਾਂ ਮੁਲਕਾਂ ’ਤੇ ਵੱਡੀ ਟੇਕ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਭਵਿੱਖ ਵਿੱਚ ਦੋਵਾਂ ਮੁਲਕਾਂ ਵਿਚਾਲੇ ਸਬੰਧ ‘ਕਿਸੇ ਤਰ੍ਹਾਂ ਦੇ ਸੰਤੁਲਨ ਜਾਂ ਸਮਝੌਤੇ’ ਉੱਪਰ ਨਿਰਭਰ ਹਨ।
ਸੀਆਈਆਈ ਸੰਮੇਲਨ ਦੌਰਾਨ ਆਨਲਾਈਨ ਗੱਲਬਾਤ ਮੌਕੇ ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ‘ਸਮੱਸਿਆਵਾਂ’ ਹਨ, ਜੋ ਕਿ ‘ਬਹੁਤ ਸਪੱਸ਼ਟ’ ਹਨ। ਉਹ ਅਗਲੇ 10-20 ਸਾਲਾਂ ਵਿੱਚ ਭਾਰਤ ਅਤੇ ਚੀਨ ਵਲੋਂ ਫਰਾਂਸ ਅਤੇ ਜਰਮਨੀ ਵਾਂਗ ਅਤੀਤ ਭੁਲਾ ਕੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਸਿੱਧਾ ਜਵਾਬ ਦੇਣ ਦੀ ਬਜਾਏ ਦੋਵਾਂ ਮੁਲਕਾਂ ਦੇ ਅਤੀਤ ਵਿੱਚ ਰਿਸ਼ਤਿਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਚੀਨ ਦੇ ਗੁਆਂਢੀ ਹਾਂ। ਚੀਨ ਪਹਿਲਾਂ ਹੀ ਦੁਨੀਆਂ ਦੀ ਦੂਜਾ ਸਭ ਤੋਂ ਵੱਡਾ ਅਰਥਚਾਰਾ ਹੈ। ਇੱਕ ਦਿਨ ਅਸੀਂ ਵੀ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵਾਂਗੇ। ਤੁਸੀਂ ਸਮੇਂ ਨੂੰ ਲੈ ਕੇ ਤਰਕ-ਵਿਤਰਕ ਕਰ ਸਕਦੇ ਹੋ। ਅਸੀਂ ਦੋਵੇਂ ਮੁਲਕ ਭੂਗੋਲਿਕ ਤੌਰ ’ਤੇ ਬਹੁਤ ਹੀ ਵਿਲੱਖਣ ਹਾਂ। ਅਸੀਂ ਦੋ ਹੀ ਅਜਿਹੇ ਮੁਲਕ ਹਾਂ, ਜਿਨ੍ਹਾਂ ਦੀ ਅਬਾਦੀ ਇੱਕ ਅਰਬ ਤੋਂ ਵਧੇਰੇ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਸਾਡੀਆਂ ਮੁਸ਼ਕਲਾਂ ਦਾ ਦੌਰ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਯੂਰੋਪੀ ਮੁਲਕਾਂ ਨਾਲ ਸਾਡੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋਈਆਂ।’’ ਉਨ੍ਹਾਂ ਕਿਹਾ, ‘‘ਕੌਮਾਂਤਰੀ ਰਾਜਨੀਤੀ ਵਿੱਚ ਭਾਰਤ ਅਤੇ ਚੀਨ ਦਾ ਮੁੜ-ਉਭਾਰ ਲਗਭਗ ਨੇੜੇ-ਤੇੜੇ ਹੀ ਸ਼ੁਰੂ ਹੋਇਆ ਸੀ। ਦੋਵਾਂ ਮੁਲਕਾਂ ਦੇ ਉਭਾਰ ਵਿੱਚ ਕਈ ਸਮਾਨਤਾਈਆਂ ਅਤੇ ਵਖਰੇਵੇਂ ਨਜ਼ਰ ਆਉਂਦੇ ਹਨ ਪਰ ਇਹ ਸਭ ਕੁਝ ਉਦੋਂ ਵਾਪਰ ਰਿਹਾ ਹੈ ਜਦੋਂ ਅਸੀਂ ਇੱਕ-ਦੂਜੇ ਦੇ ਗੁਆਂਢੀ ਹਾਂ। ਮੇਰਾ ਖਿਆਲ ਹੈ ਕਿ ਅਹਿਮ ਗੱਲ ਇਹ ਹੈ ਕਿ ਦੋਵਾਂ ਮੁਲਕਾਂ ਵਿੱਚ ਇੱਕ ਕਿਸਮ ਦਾ ਤਵਾਜ਼ਨ ਜਾਂ ਸੂਝ-ਬੂਝ ਕਾਇਮ ਹੋਵੇ ਕਿਉਂਕਿ ਇਹ ਨਾ ਕੇਵਲ ਸਾਡੇ ਸਗੋਂ ਉਨ੍ਹਾਂ ਦੇ ਵੀ ਹਿੱਤ ਵਿੱਚ ਹੋਵੇਗਾ, ਪਰ ਇਸ ਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੈ।’’
-ਪੀਟੀਆਈ
ਫ਼ੌਜਾਂ ਦੀ ਵਾਪਸੀ ਬਾਰੇ ਮੇਜਰ ਜਨਰਲ ਪੱਧਰੀ ਵਾਰਤਾ
ਨਵੀਂ ਦਿੱਲੀ: ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਦੌਲਤ ਬੇਗ ਓਲਡੀ ਅਤੇ ਦੇਪਸਾਂਗ ਸਮੇਤ ਹੋਰ ਵਿਵਾਦਤ ਇਲਾਕਿਆਂ ’ਚੋਂ ਫ਼ੌਜਾਂ ਪਿੱਛੇ ਹਟਾਉਣ ਦੇ ਅਮਲ ਨੂੰ ਅਗਾਂਹ ਵਧਾਉਣ ਲਈ ਸ਼ਨਿਚਰਵਾਰ ਨੂੰ ਭਾਰਤ ਅਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਵਿਚਕਾਰ ਗੱਲਬਾਤ ਹੋਈ। ਮੇਜਰ ਜਨਰਲ ਪੱਧਰ ਦੀ ਵਾਰਤਾ ਅਸਲ ਕੰਟਰੋਲ ਰੇਖਾ ’ਤੇ ਚੀਨ ਵਾਲੇ ਪਾਸੇ ਦੌਲਤ ਬੇਗ ਓਲਡੀ ਸਰਹੱਦੀ ਮੀਟਿੰਗ ਪੁਆਇੰਟ ’ਤੇ ਹੋਈ। ਗੱਲਬਾਤ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਸਾਢੇ ਸੱਤ ਵਜੇ ਸਮਾਪਤ ਹੋਈ। ਭਾਰਤੀ ਵਫ਼ਦ ਦੀ ਅਗਵਾਈ 3 ਇਨਫੈਂਟਰੀ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਅਭਿਜੀਤ ਬਾਪਟ ਕਰ ਰਹੇ ਸਨ। ਇਹ ਮੀਟਿੰਗ ਇਕ ਹਫ਼ਤੇ ਮਗਰੋਂ ਹੋਈ ਹੈ ਜਦੋਂ ਦੋਵੇਂ ਮੁਲਕਾਂ ਦੀਆਂ ਥਲ ਸੈਨਾਵਾਂ ਦੇ ਕੋਰ ਕਮਾਂਡਰਾਂ (ਲੈਫ਼ਟੀਨੈਂਟ ਜਨਰਲ) ਵਿਚਕਾਰ ਫ਼ੌਜਾਂ ਪਿੱਛੇ ਹਟਾਉਣ ਦੇ ਅਮਲ ਨੂੰ ਤੇਜ਼ ਕਰਨ ਲਈ ਪੰਜਵੇਂ ਗੇੜ ਦੀ ਗੱਲਬਾਤ ਹੋਈ ਸੀ। ਫ਼ੌਜੀ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਜ਼ੋਰ ਦਿੰਦਾ ਆ ਰਿਹਾ ਹੈ ਕਿ ਚੀਨੀ ਫ਼ੌਜ ਪਿੱਛੇ ਹਟੇ ਅਤੇ ਪੂਰਬੀ ਲੱਦਾਖ ਦੇ ਸਾਰੇ ਇਲਾਕਿਆਂ ’ਚ 5 ਮਈ ਤੋਂ ਪਹਿਲਾਂ ਵਰਗੀ ਸਥਿਤੀ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਸੂਤਰਾਂ ਮੁਤਾਬਕ ਚੀਨੀ ਪੀਪਲਜ਼ ਲਬਿਰੇਸ਼ਨ ਆਰਮੀ ਨੇ ਆਪਣੇ ਜਵਾਨਾਂ ਨੂੰ ਗਲਵਾਨ ਘਾਟੀ ਅਤੇ ਕੁਝ ਹੋਰ ਵਿਵਾਦਤ ਥਾਵਾਂ ਤੋਂ ਪਿੱਛੇ ਹਟਾ ਲਿਆ ਹੈ ਪਰ ਪੈਂਗੌਂਗ ਤਸੋ, ਗੋਗਰਾ ਅਤੇ ਦੇਪਸਾਂਗ ’ਚ ਚੀਨੀ ਫ਼ੌਜ ਨੇ ਕਦਮ ਪਿਛਾਂਹ ਨਹੀਂ ਖਿੱਚੇ ਹਨ। ਭਾਰਤ ਮੰਗ ਕਰਦਾ ਆ ਰਿਹਾ ਹੈ ਕਿ ਚੀਨ ਫਿੰਗਰ 4 ਅਤੇ 8 ਵਿਚਕਾਰਲੇ ਇਲਾਕਿਆਂ ਤੋਂ ਆਪਣੀ ਫ਼ੌਜ ਨੂੰ ਪਿੱਛੇ ਸੱਦੇ। ਸੂਤਰਾਂ ਨੇ ਕਿਹਾ ਕਿ ਭਾਰਤੀ ਥਲ ਅਤੇ ਹਵਾਈ ਸੈਨਾ ਨੇ ਚੀਨ ਨਾਲ ਸਰਹੱਦੀ ਵਿਵਾਦ ਦਾ ‘ਸੰਤੋਸ਼ਜਨਕ’ ਹੱਲ ਨਿਕਲਣ ਤੱਕ ਲੱਦਾਖ, ਉੱਤਰੀ ਸਿੱਕਮ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਨਾਲ ਲਗਦੇ ਇਲਾਕਿਆਂ ’ਚ ਆਪਣੀ ਪੂਰੀ ਤਿਆਰੀ ਰੱਖਣ ਦਾ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਪਹਿਲਾਂ ਹੀ ਫ਼ੌਜ ਦੇ ਸਾਰੇ ਸੀਨੀਅਰ ਕਮਾਂਡਰਾਂ ਨੂੰ ਆਖ ਦਿੱਤਾ ਹੈ ਕਿ ਉਹ ਚੀਨ ਦੀ ਕਿਸੇ ਵੀ ‘ਹਿਮਾਕਤ’ ਨਾਲ ਸਿੱਝਣ ਲਈ ਚੌਕਸ ਰਹਿਣ ਅਤੇ ਹਮਲਾਵਰ ਰੁਖ ਅਖ਼ਤਿਆਰ ਕਰਨ। ਭਾਰਤੀ ਫ਼ੌਜ ਨੇ ਸਰਦੀਆਂ ਦੇ ਆਉਣ ਵਾਲੇ ਮੌਸਮ ਨੂੰ ਦੇਖਦਿਆਂ ਪਹਿਲਾਂ ਹੀ ਪੂਰਬੀ ਲੱਦਾਖ ’ਚ ਜਵਾਨਾਂ ਦੀ ਮੌਜੂਦਾ ਨਫ਼ਰੀ ਅਤੇ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ।
-ਪੀਟੀਆਈ