Indigo bomb threat: ਬੰਬ ਦੀ ਧਮਕੀ ਮਗਰੋਂ ਇੰਡੀਗੋ ਉਡਾਣ ਦੀ ਐਮਰਜੈਂਸੀ ਲੈਂਡਿੰਗ
ਜਹਾਜ਼ ਵਿੱਚੋਂ ਕਾਗਜ਼ ਦੇ ਟੁਕੜੇ ’ਤੇ ‘ਬੰਬ’ ਲਿਖਿਆ ਮਿਲਣ ਮਗਰੋਂ ਕਰਵਾਈ ਲੈਂਡਿੰਗ; ਸਾਰੇ ਯਾਤਰੀ ਸੁਰੱਖਿਅਤ ਬਾਹਰ ਕੱਢੇ
ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਦੀ ਲਖਨਊ-ਸਾਊਦੀ ਅਰਬ ਦੀ ਉਡਾਣ ਦੀ ਅਹਿਮਦਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਪੁਲੀਸ ਨੇ ਦੱਸਿਆ ਕਿ ਲਖਨਊ ਤੋਂ ਦਮਾਮ (ਸਾਊਦੀ ਅਰਬ) ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਪਰ ਹੁਣ ਤੱਕ ਜਹਾਜ਼ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਉਡਾਣ 6E97 ਸ਼ਾਮ 5:45 ਵਜੇ ਸਰਦਾਰ ਵੱਲਭਭਾਈ ਪਟੇਲ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰੀ ਅਤੇ ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਹਵਾਈ ਅੱਡਾ ਪੁਲੀਸ ਇੰਸਪੈਕਟਰ ਏ.ਡੀ. ਚਾਵੜਾ ਨੇ ਕਿਹਾ, “ਚਾਲਕ ਦਲ ਦੇ ਇੱਕ ਮੈਂਬਰ ਨੂੰ ਕਾਗਜ਼ ਦਾ ਇੱਕ ਟੁਕੜਾ ਮਿਲਿਆ, ਜਿਸ ਉੱਤੇ ‘ਬੰਬ’ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਉਡਾਣ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਵਿੱਚ 107 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।”
ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਪੁਲੀਸ ਅਤੇ ਸੀ.ਆਈ.ਐੱਸ.ਐੱਫ. ਵੱਲੋਂ ਜਹਾਜ਼ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ
ਇਸ ਤੋਂ ਪਹਿਲਾਂ 31 ਅਗਸਤ ਨੂੰ ਦਮਾਮ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਨੂੰ 32 ਯਾਤਰੀਆਂ ਨਾਲ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਚਾਲਕ ਦਲ ਦੇ ਇੱਕ ਮੈਂਬਰ ਨੂੰ ਇੱਕ ਟਿਸ਼ੂ ਪੇਪਰ ਮਿਲਿਆ, ਜਿਸ ਵਿੱਚ ਲਿਖਿਆ ਸੀ ਕਿ ਜਹਾਜ਼ ਵਿੱਚ ਬੰਬ ਹੈ। ਹਾਲਾਂਕਿ, ਜਾਂਚ ਦੌਰਾਨ ਇਹ ਖ਼ਬਰ ਬਾਅਦ ਵਿੱਚ ਅਫ਼ਵਾਹ ਹੀ ਸਾਬਤ ਹੋਈ।

