DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏਸ਼ਿਆਈ ਖੇਡਾਂ ’ਚ ਭਾਰਤ ਦਾ ਸੁਨਹਿਰੀ ਦਿਨ

ਵੱਖ-ਵੱਖ ਮੁਕਾਬਲਿਅਾਂ ਵਿੱਚ 5 ਸੋਨ ਤਗ਼ਮੇ ਜਿੱਤੇ; ਹਾਕੀ ਅਤੇ ਕਿ੍ਰਕਟ ਵਿੱਚ ਇਤਿਹਾਸ ਸਿਰਜਿਆ

  • fb
  • twitter
  • whatsapp
  • whatsapp
featured-img featured-img
ਗੋਲ ਕਰਨ ਮਗਰੋਂ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਟੀਮ ਦੇ ਹੋਰ ਖਿਡਾਰੀ। -ਫੋਟੋ: ਪੀਟੀਆਈ
Advertisement

ਏਸ਼ਿਆਈ ਖੇਡਾਂ ’ਚ ਭਾਰਤ ਲਈ ਬੀਤੇ ਦੋ ਦਿਨ ਸੁਨਹਿਰੇ ਸਾਬਤ ਹੋਏ। ਭਾਰਤ ਨੂੰ ਹਾਕੀ ਤੇ ਕਿ੍ਰਕਟ ਸਣੇ ਹੋਰ ਮੁਕਾਬਲਿਆਂ ’ਚ ਦੋ ਦਿਨਾਂ ’ਚ ਸੋਨੇੇ ਦੇ 11 ਤਗ਼ਮੇ ਮਿਲੇ ਹਨ। ਭਾਰਤ 21 ਸੋਨ, 27 ਚਾਂਦੀ ਅਤੇ ਕਾਂਸੀ ਦੇ 37 ਤਗ਼ਮੇ ਜਿੱਤ ਕੇ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਉਂਝ ਤਗ਼ਮਾ ਸੂਚੀ ’ਚ ਹਾਲੇ ਥੋੜ੍ਹਾ ਬਦਲਾਅ ਹੋ ਸਕਦਾ ਹੈ ਕਿਉਂਕਿ ਉਜ਼ਬੇਕਿਸਤਾਨ ਨੇ ਹਾਲੇ ਕੁਝ ਮੁਕਾਬਲਿਆਂ ’ਚ ਹਿੱਸਾ ਲੈਣਾ ਹੈ ਅਤੇ ਉਸ ਦੇ ਵੀ 21 ਸੋਨ ਤਗ਼ਮੇ ਹਨ ਪਰ ਉਹ ਕੁੱਲ ਤਗ਼ਮਿਆਂ (70) ਦੇ ਮਾਮਲੇ ’ਚ ਭਾਰਤ ਨਾਲੋਂ ਪਿੱਛੇ ਹੈ। ਭਾਰਤ ਪਿਛਲੀਆਂ ਏਸ਼ਿਆਈ ਖੇਡਾਂ ਦੇ ਪ੍ਰਦਰਸ਼ਨ ਨੂੰ ਦੁਹਰਾਅ ਨਹੀਂ ਸਕਿਆ ਹੈ ਜਦੋਂ ਉਸ ਨੇ ਕੁੱਲ 106 ਤਗ਼ਮੇ ਜਿੱਤੇ ਸਨ ਜਦਕਿ ਐਤਕੀਂ ਉਸ ਨੇ ਕੁੱਲ 85 ਤਗ਼ਮੇ ਜਿੱਤੇ ਹਨ।

Advertisement

ਕਪਤਾਨ ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਮਲੇਸ਼ੀਆ ਨੂੰ 5-1 ਗੋਲਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ’ਚ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਦੇ ਨਾਲ ਹੀ ਭਾਰਤ ਨੇ 2028 ਦੇ ਲਾਸ ਏਂਜਲਸ ਓਲੰਪਿਕ ਲਈ ਵੀ ਆਪਣੀ ਟਿਕਟ ਪੱਕੀ ਕਰ ਲਈ ਹੈ। ਇਹ ਇਤਿਹਾਸਕ ਜਿੱਤ ਭਾਰਤੀ ਮਹਿਲਾ ਟੀਮ ਵੱਲੋਂ ਚੀਨ ਨੂੰ 1-0 ਨਾਲ ਹਰਾ ਕੇ 44 ਸਾਲਾਂ ਬਾਅਦ ਸੋਨ ਤਗ਼ਮਾ ਜਿੱਤਣ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਮਹਿਜ਼ ਇੱਕ ਦਿਨ ਬਾਅਦ ਮਿਲੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਇੱਕੋ ਏਸ਼ਿਆਈ ਖੇਡਾਂ ’ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ।

Advertisement

ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ (11ਵਾਂ ਅਤੇ 57ਵਾਂ ਮਿੰਟ), ਜੁਗਰਾਜ ਸਿੰਘ (23ਵਾਂ ਮਿੰਟ), ਹਾਰਦਿਕ ਸਿੰਘ (42ਵਾਂ ਮਿੰਟ) ਅਤੇ ਸ਼ਿਲਾਨੰਦ ਲਾਕੜਾ (54ਵਾਂ ਮਿੰਟ) ਨੇ ਗੋਲ ਕੀਤੇ। ਮਲੇਸ਼ੀਆ ਵੱਲੋਂ ਇੱਕੋ-ਇੱਕ ਗੋਲ 14ਵੇਂ ਮਿੰਟ ’ਚ ਸ਼ੈਲੋ ਸਿਲਵੇਰੀਅਸ ਨੇ ਕੀਤਾ। ਆਪਣੇ ਦੋ ਗੋਲਾਂ ਦੀ ਬਦੌਲਤ ਹਰਮਨਪ੍ਰੀਤ ਇਸ ਟੂਰਨਾਮੈਂਟ ’ਚ 12 ਗੋਲਾਂ ਨਾਲ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣੇ। ਹਰਮਨਪ੍ਰੀਤ ਲਗਾਤਾਰ ਦੋ ਏਸ਼ਿਆਈ ਖੇਡਾਂ ਦੇ ਸੋਨ ਤਗ਼ਮੇ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਮੈਚ ਦੌਰਾਨ ਭਾਰਤ ਨੂੰ 14 ਅਤੇ ਮਲੇਸ਼ੀਆ ਨੂੰ 2 ਪੈਨਲਟੀ ਕਾਰਨਰ ਮਿਲੇ।

ਇਸ ਜਿੱਤ ਨਾਲ ਪਾਕਿਸਤਾਨ ਤੋਂ ਬਾਅਦ ਭਾਰਤ ਏਸ਼ਿਆਈ ਖੇਡਾਂ ਦੇ ਇਤਿਹਾਸ ’ਚ ਲਗਾਤਾਰ ਸੋਨ ਤਗ਼ਮੇ ਜਿੱਤਣ ਵਾਲਾ ਦੂਜਾ ਮੁਲਕ ਬਣ ਗਿਆ ਹੈ। ਤਜਰਬੇਕਾਰ ਮਨਪ੍ਰੀਤ ਸਿੰਘ (ਭਾਰਤ ਦੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ) ਦੇ ਕਰੀਅਰ ਦਾ ਇਹ ਤੀਜਾ ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਹੈ। ਭਾਰਤ ਦਾ ਏਸ਼ਿਆਈ ਖੇਡਾਂ ਦੇ ਇਤਿਹਾਸ ’ਚ ਇਹ ਪੰਜਵਾਂ ਸੋਨ ਤਗ਼ਮਾ ਹੈ। -ਪੀਟੀਆਈ

ਭਗਵੰਤ ਮਾਨ ਨੇ ਵਧਾਈ ਦਿੱਤੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ਿਆਈ ਖੇਡਾਂ ’ਚ ਪੁਰਸ਼ ਹਾਕੀ ਟੀਮ ਵੱਲੋਂ ਸੋਨ ਤਗ਼ਮਾ ਜਿੱਤਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਖਿਡਾਰੀਆਂ ਅਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਲਈ ਸਭ ਤੋਂ ਵੱਡੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ 8 ਗੱਭਰੂ ਹਾਕੀ ਟੀਮ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਨੇ ਵੀ ਏਸ਼ਿਆਈ ਖੇਡਾਂ ’ਚ ਆਪਣਾ ਤੀਜਾ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਗ਼ਮਾ ਜੇਤੂਆਂ ਨੂੰ ਵਧਾਈ ਦਿੱਤੀ ਹੈ।

ਕਿ੍ਰਕਟ: ਟੀਮ ਇੰਡੀਆ ਦਾ ਸੁਨਹਿਰੀ ਤਿਲਕ ਨਾਲ ਅਭਿਸ਼ੇਕ

ਨਿਸ਼ਿਨ: ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਦੇ ਤੂਫ਼ਾਨੀ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਦਿਲਚਸਪ ਫਾਈਨਲ ’ਚ ਅੱਜ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਕ੍ਰਿਕਟ ਮੁਕਾਬਲੇ ’ਚ ਸੋਨ ਤਗ਼ਮੇ ਦਾ ਸਫਲਤਾਪੂਰਵਕ ਬਚਾਅ ਕੀਤਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵੀ ਕ੍ਰਿਕਟ ’ਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਸੀ। ਅਭਿਸ਼ੇਕ ਨੇ 28 ਗੇਂਦਾਂ ’ਤੇ 61 ਦੌੜਾਂ ਬਣਾਈਆਂ ਜਿਸ ’ਚ ਤਿੰਨ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ।

ਪਾਕਿਸਤਾਨ ਨੂੰ ਫਾਈਨਲ ’ਚ ਹਰਾਉਣ ਮਗਰੋਂ ਸੋਨ ਤਗ਼ਮਿਆਂ ਨਾਲ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ। -ਫੋਟੋ: ਪੀਟੀਆਈ
ਪਾਕਿਸਤਾਨ ਨੂੰ ਫਾਈਨਲ ’ਚ ਹਰਾਉਣ ਮਗਰੋਂ ਸੋਨ ਤਗ਼ਮਿਆਂ ਨਾਲ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ। -ਫੋਟੋ: ਪੀਟੀਆਈ

ਤਿਲਕ ਵਰਮਾ ਨੇ ਆਖ਼ਰੀ ਓਵਰਾਂ ’ਚ 22 ਗੇਂਦਾਂ ’ਚ ਨਾਬਾਦ 51 ਦੌੜਾਂ ਦੀ ਪਾਰੀ ਖੇਡੀ ਜਿਸ ’ਚ ਤਿੰਨ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਸ਼ਿਵਮ ਦੂਬੇ ਨੇ 15 ਗੇਂਦਾਂ ’ਚ 27 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ’ਚ ਪਾਕਿਸਤਾਨ 6 ਵਿਕਟਾਂ ਗੁਆ ਕੇ 192 ਦੌੜਾਂ ਹੀ ਬਣਾ ਸਕਿਆ।

Advertisement
×