ਭਾਰਤ ਦਾ ਵਿਕਾਸ ਦੂਜੇ ਮੁਲਕਾਂ ਦੀ ਕੀਮਤ ’ਤੇ ਨਹੀਂ: Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਮਜ਼ਬੂਤ ਬੁਨਿਆਦੀ ਤੱਤਾਂ, ਵਿੱਤੀ ਮਜ਼ਬੂਤੀ ਅਤੇ ਲਗਾਤਾਰ ਸੁਧਾਰਾਂ ’ਤੇ ਟਿਕਿਆ ਹੈ। ਉਨ੍ਹਾਂ ਦੇਸ਼ ਨੂੰ ਅਜਿਹੀ ਵਿਸ਼ਵਵਿਆਪੀ ਆਰਥਿਕ ਅਤੇ ਤਕਨੀਕੀ ਤਾਕਤ ਵਜੋਂ ਪੇਸ਼ ਕੀਤਾ, ਜੋ ਦੂਜੇ ਮੁਲਕਾਂ ਦੀ ਕੀਮਤ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਮਜ਼ਬੂਤ ਬੁਨਿਆਦੀ ਤੱਤਾਂ, ਵਿੱਤੀ ਮਜ਼ਬੂਤੀ ਅਤੇ ਲਗਾਤਾਰ ਸੁਧਾਰਾਂ ’ਤੇ ਟਿਕਿਆ ਹੈ। ਉਨ੍ਹਾਂ ਦੇਸ਼ ਨੂੰ ਅਜਿਹੀ ਵਿਸ਼ਵਵਿਆਪੀ ਆਰਥਿਕ ਅਤੇ ਤਕਨੀਕੀ ਤਾਕਤ ਵਜੋਂ ਪੇਸ਼ ਕੀਤਾ, ਜੋ ਦੂਜੇ ਮੁਲਕਾਂ ਦੀ ਕੀਮਤ ’ਤੇ ਨਹੀਂ, ਸਗੋਂ ਉਨ੍ਹਾਂ ਦੀ ਤਰੱਕੀ ਵਿੱਚ ਮਦਦ ਕਰ ਕੇ ਅੱਗੇ ਵਧਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਇਥੇ ਬਲੂਮਬਰਗ ਨਿਊ ਇਕੌਨਮੀ ਫੋਰਮ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ, ‘‘ਅਸੀਂ ਕਿਸੇ ਹੋਰ ਦੀ ਕੀਮਤ ਉੱਤੇ ਅੱਗੇ ਨਹੀਂ ਵਧਦੇ। ਅਸੀਂ ਕੁੱਲ ਆਲਮ ਦੇ ਨਾਲ ਅਤੇ ਕੁੱਲ ਆਲਮ ਲਈ ਅੱਗੇ ਵਧਦੇ ਹਾਂ।’’ ਉਨ੍ਹਾਂ ਤਰਕ ਦਿੱਤਾ ਕਿ ਭੂ-ਸਿਆਸੀ ਤਣਾਅ, ਸਪਲਾਈ ਚੇਨ ਵਿੱਚ ਅੜਿੱਕਾ ਅਤੇ ਰਣਨੀਤਕ ਵਸੀਲਿਆਂ ਲਈ ਵਧਦੀ ਮੁਕਾਬਲੇਬਾਜ਼ੀ ਦੇ ਦੌਰ ਵਿੱਚ, ਭਾਰਤ ਦੀ ਵਧਦੀ ਆਰਥਿਕ ਤੇ ਤਕਨੀਕੀ ਸਮਰੱਥਾ ਆਲਮੀ ਵੰਗਾਰਾਂ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੀ ਹੈ। ਉਨ੍ਹਾਂ ਭਾਰਤ ਦੀ ਮਜ਼ਬੂਤੀ ਲਈ ਅਪਰੈਲ-ਜੂਨ ਤਿਮਾਹੀ ਦੌਰਾਨ ਦਰਜ 7.8 ਫੀਸਦੀ ਆਰਥਿਕ ਵਿਕਾਸ ਦਰ, 700 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਟੈਕਸ, ਦੀਵਾਲੀਆਪਨ ਤੇ ਕਿਰਤ ਕਾਨੂੰਨਾਂ ਨਾਲ ਸਬੰਧਤ ਸੁਧਾਰਾਂ ਦਾ ਹਵਾਲਾ ਦਿੱਤਾ। ਕੁੱਲ ਆਲਮ ਵਿੱਚ ਬੇਯਕੀਨੀ ਵਾਲੇ ਮਾਹੌਲ ਦਰਮਿਆਨ ਭਾਰਤ ਭਰੋਸੇਯੋਗਤਾ ਅਤੇ ਸਥਿਰਤਾ ਦਾ ਭਰੋਸਾ ਦਿੰਦਾ ਹੈ। ਉਨ੍ਹਾਂ ਕਿਹਾ, ‘‘ਅੱਜ ਤਕਨੀਕ, ਡੇਟਾ, ਗਿਆਨ ਤੇ ਨਵੀਆਂ ਕਾਢਾਂ ਤਾਕਤ ਹਨ। ਪਰ ਅਸਲ ਸਵਾਲ ਹੈ ਕਿ ਇਸ ਤਾਕਤ ਨੂੰ ਵਰਤਣਾ ਕਿਵੇਂ ਹੈ।’’ -ਪੀਟੀਆਈ

