Indian Health System ਆਤਮ-ਨਿਰਭਰ ਹੋਇਆ: Rajnath Singh
ਆਲਮੀ ਸਿਹਤ ਚੁਣੌਤੀਆਂ ਦਾ ਦੇਸ਼ ਵਿੱਚ ਹੀ ਹੱਲ ਲੱਭਣ ਦਾ ਦਾਅਵਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੀ 22ਵੀਂ ਕਨਵੋਕੇਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਮੈਡੀਕਲ ਖੋਜ ਵਿੱਚ ਨਵੇਂ ਮਾਪਦੰਡ ਕਾਇਮ ਕਰ ਰਿਹਾ ਹੈ। ਦੇਸ਼ ਜੀਨ ਥੈਰੇਪੀ ਅਤੇ ਨਿਊਕਲੀਅਰ ਮੈਡੀਸਨ ਰਾਹੀਂ ਆਲਮੀ ਸਿਹਤ ਚੁਣੌਤੀਆਂ ਦੇ ਦੇਸ਼ ਵਿੱਚ ਹੀ ਹੱਲ ਲੱਭ ਰਿਹਾ ਹੈ। ਪਿਛਲੇ 12 ਸਾਲਾਂ ਵਿੱਚ ਦੇਸ਼ ਦਾ ਸਿਹਤ ਢਾਂਚਾ ਵਧੇਰੇ ਆਤਮ-ਨਿਰਭਰ, ਆਧੁਨਿਕ ਅਤੇ ਆਮ ਲੋਕਾਂ ਦੀ ਪਹੁੰਚ ਵਾਲਾ ਬਣਿਆ ਹੈ।
ਉਨ੍ਹਾਂ ਦੱਸਿਆ ਕਿ ਭਾਰਤੀ ਵਿਗਿਆਨੀਆਂ ਨੇ ਹੀਮੋਫੀਲੀਆ ਦੇ ਇਲਾਜ ਲਈ ਜੀਨ ਥੈਰੇਪੀ ਅਤੇ ਛਾਤੀ ਦੇ ਕੈਂਸਰ ਲਈ ਨੈਨੋ-ਮੈਡੀਸਨ ਤਿਆਰ ਕੀਤੀ ਹੈ। ਦੇਸ਼ ਵਿੱਚ ਪਹਿਲੀ ਐਂਟੀਬਾਇਓਟਿਕ ਦਵਾਈ ਨੈਫੀਥਰੋਮਾਈਸਿਨ ਅਤੇ ਸਸਤੀ ਐੱਮ ਆਰ ਆਈ ਮਸ਼ੀਨ ਵੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਰਤ ਨੇ ਕੈਂਸਰ ਦੇ ਇਲਾਜ ਲਈ ਦੁਨੀਆਂ ਦੀ ਸਭ ਤੋਂ ਸਸਤੀ ਸੀ ਏ ਆਰ-ਟੀ ਸੈੱਲ ਥੈਰੇਪੀ ਵਿਕਸਤ ਕੀਤੀ ਹੈ, ਜੋ ਪਹਿਲਾਂ ਸਿਰਫ ਅਮੀਰ ਦੇਸ਼ਾਂ ਤੱਕ ਸੀਮਤ ਸੀ। 19,000 ਤੋਂ ਵੱਧ ਜਨ ਔਸ਼ਧੀ ਕੇਂਦਰਾਂ ਰਾਹੀਂ ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲ ਰਹੀਆਂ ਹਨ। ਰੱਖਿਆ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਵਿੱਚ ਸਿਹਤ ਸੇਵਾਵਾਂ ਦੇ ਸੁਧਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 17 ਤੋਂ ਵਧ ਕੇ 81 ਹੋ ਗਈ ਹੈ ਅਤੇ ਦੋ ਏਮਜ਼ ਵੀ ਸਥਾਪਤ ਕੀਤੇ ਗਏ ਹਨ। ਨਵੇਂ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਮਸਨੂਈ ਬੌਧਿਕਤਾ (ਏ ਆਈ) ਮੈਡੀਕਲ ਖੇਤਰ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ ਪਰ ਤਕਨਾਲੋਜੀ ਕਦੇ ਵੀ ਇਨਸਾਨੀ ਹਮਦਰਦੀ ਦੀ ਥਾਂ ਨਹੀਂ ਲੈ ਸਕਦੀ।

