ਭਾਰਤੀ ਵਫ਼ਦਾਂ ਵੱਲੋਂ ਰੂਸ, ਜਪਾਨ ਤੇ ਯੂਏਈ ਦੇ ਆਗੂਆਂ ਨਾਲ ਮੁਲਾਕਾਤਾਂ
ਮਾਸਕੋ/ਟੋਕੀਓ/ਅਬੂ ਧਾਬੀ, 23 ਮਈ
ਭਾਰਤੀ ਸੰਸਦੀ ਵਫ਼ਦਾਂ ਨੇ ਰੂਸ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਜਪਾਨ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਕਰਕੇ ਨਵੀਂ ਦਿੱਲੀ ਦੀ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਦਿੱਤੀ। ਯੂਰਪ ਦੇ ਤਿੰਨ ਮੁਲਕਾਂ ਦੇ ਦੌਰੇ ’ਤੇ ਚੱਲ ਰਹੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ‘ਐਕਸ’ ’ਤੇ ਕਿਹਾ, ‘‘ਟੀਮ ਇੰਡੀਆ ਨੇ ਅਤਿਵਾਦ ਨਾਲ ਸਿੱਝਣ ਬਾਰੇ ਮਜ਼ਬੂਤ ਅਤੇ ਸਾਂਝਾ ਸੁਨੇਹਾ ਦਿੱਤਾ ਹੈ।’’ ਮਾਸਕੋ ’ਚ ਡੀਐੱਮਕੇ ਦੀ ਸੰਸਦ ਮੈਂਬਰ ਕਨੀਮੋੜੀ ਕਰੁਣਾਨਿਧੀ ਦੀ ਅਗਵਾਈ ਹੇਠਲੇ ਸਰਬ-ਪਾਰਟੀ ਵਫ਼ਦ ਨੇ ਰੂਸ ਦੇ ਉਪ ਵਿਦੇਸ਼ ਮੰਤਰੀ ਆਂਦਰੇ ਰੁਡੇਂਕੋ ਨਾਲ ਮੁਲਾਕਾਤ ਕੀਤੀ। ਰੂਸ ’ਚ ਭਾਰਤੀ ਸਫ਼ਾਰਤਖਾਨੇ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਵਫ਼ਦ ਨੇ ਕੌਮਾਂਤਰੀ ਮਾਮਲਿਆਂ ਬਾਰੇ ਕਮੇਟੀ ਦੇ ਆਗੂ ਆਂਦਰੇ ਡੇਨੀਸੋਵ ਅਤੇ ਹੋਰ ਸੈਨੇਟਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਰੂਸੀ ਆਗੂਆਂ ਨੇ ਪਹਿਲਗਾਮ ’ਚ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਤੇ ਭਾਰਤ ਨਾਲ ਇਕਜੁੱਟਤਾ ਪ੍ਰਗਟਾਈ। ਯੂਏਈ ’ਚ ਭਾਰਤੀ ਵਫ਼ਦ ਸ਼ੇਖ਼ ਜ਼ਾਯੇਦ ਗਰੈਂਡ ਮਸਜਿਦ, ਬੀਏਪੀਐੱਸ ਹਿੰਦੂ ਮੰਦਰ ਅਤੇ ਗੁਰੂ ਨਾਨਕ ਦਰਬਾਰ ਗੁਰਦੁਆਰੇ ’ਚ ਨਤਮਸਤਕ ਹੋਇਆ। -ਪੀਟੀਆਈ