ਨੇਪਾਲ ਹੈਲੀਕਾਪਟਰ ਹਾਦਸੇ ਵਿੱਚ ਭਾਰਤੀ ਨਾਗਰਿਕ ਦੀ ਮੌਤ
ਨੇਪਾਲ ਦੇ ਸੋਲੂਖੁੰਬੂ ਜ਼ਿਲ੍ਹੇ ਵਿੱਚ ਅੱਜ ਸਵੇਰੇ ਉਤਰਦੇ ਸਮੇਂ ਦੋ ਹੈਲੀਕਾਪਟਰਾਂ ਦੀ ਟੱਕਰ ਵਿੱਚ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ; ਇੱਕ ਯਾਤਰੀ ਅਤੇ ਦੋ ਪਾਇਲਟ ਜ਼ਖ਼ਮੀ ਹੋ ਗਏ। ਕਾਠਮੰਡੂ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਮ੍ਰਿਤਕ...
ਨੇਪਾਲ ਦੇ ਸੋਲੂਖੁੰਬੂ ਜ਼ਿਲ੍ਹੇ ਵਿੱਚ ਅੱਜ ਸਵੇਰੇ ਉਤਰਦੇ ਸਮੇਂ ਦੋ ਹੈਲੀਕਾਪਟਰਾਂ ਦੀ ਟੱਕਰ ਵਿੱਚ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ; ਇੱਕ ਯਾਤਰੀ ਅਤੇ ਦੋ ਪਾਇਲਟ ਜ਼ਖ਼ਮੀ ਹੋ ਗਏ। ਕਾਠਮੰਡੂ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਮ੍ਰਿਤਕ ਦੇਹ ਜਲਦੀ ਭਾਰਤ ਲਿਆਉਣ ਲਈ ਨੇਪਾਲੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਨੇਪਾਲ ਪੁਲੀਸ ਅਨੁਸਾਰ ਇਹ ਹਾਦਸਾ ਖੁੰਬੂ ਪਾਸਾਂਗ ਲਹਾਮੂ ਨਗਰਪਾਲਿਕਾ ਦੇ ਫੇਰੀਚੇ ਵਿੱਚ ਸਵੇਰੇ 8.11 ਵਜੇ ਵਾਪਰਿਆ। ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਦੇ ਦੋਵਾਂ ਹੈਲੀਕਾਪਟਰਾਂ ਨੇ ਮਾਊਂਟ ਐਵਰੈਸਟ ਦੇ ਪ੍ਰਵੇਸ਼ ਦੁਆਰ ਲੁਕਲਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਡਾਇਨੈਸਟੀ ਏਅਰ ਦਾ ਹੈਲੀਕਾਪਟਰ ਸਾਮਾਨ ਢੋ ਰਿਹਾ ਸੀ।
ਪੁਲੀਸ ਇੰਸਪੈਕਟਰ ਮੌਸਮ ਤਮਾਂਗ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਸੰਤ ਕੁਮਾਰ ਵਜੋਂ ਹੋਈ ਹੈ, ਜੋ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਸੀ। ਇਸੇ ਹੈਲੀਕਾਪਟਰ ਵਿੱਚ ਸਵਾਰ ਭਾਰਤੀ ਮੂਲ ਦਾ 49 ਸਾਲਾ ਨਿਊਜ਼ੀਲੈਂਡ ਵਾਸੀ ਸ਼ੈਲੇਸ਼ ਕ੍ਰਿਸ਼ਨਾ ਪਟੇਲ ਜ਼ਖ਼ਮੀ ਹੋ ਗਿਆ, ਜਿਸ ਨੂੰ ਪ੍ਰਭੂ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਫਿਸ਼ਟੇਲ ਏਅਰ ਦੇ ਨੇਪਾਲੀ ਪਾਇਲਟ ਰਬਿੰਦਰਾ ਪ੍ਰਜਾਪਤੀ ਅਤੇ ਡਾਇਨੈਸਟੀ ਏਅਰ ਦੇ ਪਾਇਲਟ ਪ੍ਰਜਵਲ ਕੇ ਸੀ ਨੂੰ ਵੀ ਇਲਾਜ ਲਈ ਕਾਠਮੰਡੂ ਲਿਜਾਇਆ ਗਿਆ ਹੈ। -ਪੀਟੀਆਈ

