ਮੁੰਬਈ, 23 ਨਵੰਬਰ
ਮੁੰਬਈ ਦੀ ਇੱਕ ਅਦਾਲਤ ਨੇ ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ’ਚ ਅੱਜ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਮੈਜਿਸਟਰੇਟ ਨੋ ਦੋਵਾਂ ਨੂੰ 15000-15000 ਰੁਪਏ ਦੇ ਮੁਚੱਲਕੇ ’ਤੇ ਜ਼ਮਾਨਤ ਦਿੱਤੀ ਹੈ। ਐੱਨਸੀਬੀ ਨੇ ਨੀਮ ਸ਼ਹਿਰੀ ਇਲਾਕੇ ਅੰਧੇਰੀ ’ਚ ਦੋਵਾਂ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਭਾਰਤੀ ਸਿੰਘ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਜਦਕਿ ਉਸ ਦੇ ਪਤੀ ਨੂੰ ਬੀਤੇ ਦਿਨ ਸਵੇਰੇ ਹਿਰਾਸਤ ’ਚ ਲਿਆ ਗਿਆ ਹੈ। ਬੀਤੇ ਦਿਨ ਉਨ੍ਹਾਂ ਨੂੰ ਮੈਜਿਸਟਰੇਟ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਚਾਰ ਦਸੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਅੱਜ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ ਦੌਰਾਨ ਐਡਵੋਕੇਟ ਅਯਾਜ਼ ਖਾਨ ਨੇ ਅਦਾਲਤ ਨੂੰ ਕਿਹਾ ਕਿ ਭਾਰਤੀ ਸਿੰਘ ਤੇ ਹਰਸ਼ ਨੂੰ ਜਿਸ ਨਸ਼ੀਲੇ ਪਦਾਰਥ ਦੀ ਵਰਤੋਂ ਕਰਨ ਤੇ ਰੱਖਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਐਨਡੀਪੀਐੱਸ ਐਕਟ ਮੁਤਾਬਕ ਬਹੁਤ ਘੱਟ ਮਾਤਰਾ ’ਚ ਹੈ। ਉਨ੍ਹਾਂ ਕਿਹਾ ਕਿ ਜਿਸ ਦੋਸ਼ ਹੇਠ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਤਹਿਤ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਲਈ ਦੋਵਾਂ ਨੂੰ ਜ਼ਮਾਨਤ ਦਿੱਤੀ ਜਾਵੇ। ਅਦਾਲਤ ਨੇ ਭਾਰਤੀ ਤੇ ਹਰਸ਼ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ। -ਪੀਟੀਆਈ
ਐਨਸੀਬੀ ਦੀ ਟੀਮ ਉਤੇ ਹਮਲਾ
ਮੁੰਬਈ: ਉਪਨਗਰੀ ਗੋਰੇਗਾਓਂ ਵਿਚ ਅੱਜ ਕਰੀਬ 50 ਜਣਿਆਂ ਨੇ ਕਥਿਤ ਤੌਰ ’ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਅਧਿਕਾਰੀਆਂ ਉਤੇ ਹਮਲਾ ਕਰ ਦਿੱਤਾ। ਵੇਰਵਿਆਂ ਮੁਤਾਬਕ ਐਨਸੀਬੀ ਦੀ ਟੀਮ ਛਾਪਾ ਮਾਰਨ ਲਈ ਆਈ ਸੀ। ਐਨਸੀਬੀ ਦੇ ਦੋ ਅਧਿਕਾਰੀ ਹਮਲੇ ਵਿਚ ਫੱਟੜ ਹੋ ਗਏ ਹਨ। ਐਤਵਾਰ ਨੂੰ ਵਾਪਰੀ ਘਟਨਾ ਦੇ ਸਬੰਧ ਵਿਚ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜ ਮੈਂਬਰੀ ਟੀਮ ਜਿਸ ਵਿਚ ਕੇਂਦਰੀ ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਤੇ ਐੱਸਪੀ ਵਿਸ਼ਵ ਵਿਜੈ ਸਿੰਘ ਵੀ ਸ਼ਾਮਲ ਸਨ, ਗੋਰੇਗਾਓਂ ਦੇ ਭਗਤ ਸਿੰਘ ਨਗਰ ਇਲਾਕੇ ਵਿਚ ਛਾਪਾ ਮਾਰਨ ਗਈ ਸੀ। ਇਸੇ ਦੌਰਾਨ ਕਰੀਬ 50 ਜਣੇ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਉੱਥੇ ਇਕੱਠੇ ਹੋ ਗਏ ਤੇ ਐਨਸੀਬੀ ਦੇ ਅਧਿਕਾਰੀਆਂ ਉਤੇ ਹਮਲਾ ਕਰ ਦਿੱਤਾ। ਭੀੜ ਵਿਚੋਂ ਕੁਝ ਲੋਕ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਕਸਾ ਰਹੇ ਸਨ ਤੇ ਟੀਮ ਨੂੰ ‘ਅਗਵਾਕਾਰ’ ਕਹਿ ਕੇ ਸੰਬੋਧਨ ਕਰ ਰਹੇ ਸਨ। -ਪੀਟੀਆਈ