ਨਵੀਂ ਦਿੱਲੀ, 26 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀਲੰਕਾ ਦੀ ਸਰਕਾਰ ਨੂੰ ਉਥੇ ਘੱਟਗਿਣਤੀ ਤਾਮਿਲਾਂ ਲਈ ਸੱਤਾ ਵਿੱਚ ਹਿੱਸੇਦਾਰੀ ਦੀ ਹਮਾਇਤ ਕੀਤੀ ਤਾਂ ਜੋ ਇਸ ਭਾਈਚਾਰੇ ਵਿੱਚ ‘ਬਰਾਬਰਤਾ, ਨਿਆਂ, ਸ਼ਾਂਤੀ ਅਤੇ ਸਨਮਾਨ’ ਦੀ ਇੱਛਾ ਨੂੰ ਪੂਰਾ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦਰਮਿਆਨ ਦੁਵੱਲੀ ਡਿਜੀਟਲ ਸੰਮੇਲਨ ਦੌਰਾਨ ਇਹ ਮੁੱਦਾ ਚੁੱਕਿਆ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਰਾਜਪਕਸ਼ੇ ਨਾਲ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਸ੍ਰੀਲੰਕਾ ਦੇ ਸੰਵਿਧਾਨ ਦੀ 13ਵੀਂ ਸੋਧ ਨੂੰ ਲਾਗੂ ਕਰਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਮਨ ਅਤੇ ਮੇਲ-ਮਿਲਾਪ ਦੀ ਪ੍ਰਕਿਰਿਆ ਲਈ ਇਹ ਜ਼ਰੂਰੀ ਹੈ। ਸ੍ਰੀਲੰਕਾ ਦੇ ਸੰਵਿਧਾਨ ਵਿੱਚ 13ਵੀਂ ਸੋਧ ਵਿੱਚ ਉਥੇ ਤਾਮਿਲ ਭਾਈਚਾਰੇ ਨੂੰ ਸੱਤਾ ਵਿੱਚ ਸਾਂਝ ਪਾਉਣ ਦਾ ਹੱਕ ਮਿਲਦਾ ਹੈ। ਭਾਰਤ ਇਸ ਨੂੰ ਲਾਗੂ ਕਰਨ ਲਈ ਜ਼ੋਰ ਪਾ ਰਿਹਾ ਹੈ ਜੋ 1987 ਦੇ ਭਾਰਤ-ਸ੍ਰੀਲੰਕਾ ਸਮਝੌਤੇ ਤੋਂ ਬਾਅਦ ਲਿਆਂਦਾ ਗਿਆ ਸੀ। ਗੱਲਬਾਤ ਦੌਰਾਨ ਦੁਵੱਲੀੇ ਰੱਖਿਆ, ਸੁਰੱਖਿਆ ਤੇ ਵਪਾਰਕ ਸੰਬਧਾਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।