ਅਹਿਮਦਾਬਾਦ, 14 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਂ ਕੌਮੀ ਸਿੱਖਿਆ ਨੀਤੀ ਭਵਿੱਖਮਈ ਅਤੇ ਵਿਸ਼ਵ ਪੱਧਰ ਅਨੁਸਾਰ ਹੈ ਜੋ ਸਿੱਖਿਆ ਬਾਰੇ ਡਾ. ਐੱਸ ਰਾਧਾਕ੍ਰਿਸ਼ਨਨ ਦੇ ਦ੍ਰਿਸ਼ਟੀਕੋਣ ਮੁਤਾਬਕ ਵੀ ਖ਼ਰੀ ਉਤਰਦੀ ਹੈ, ਜੋ ਇੱਕ ਵਿਦਿਆਰਥੀ ਨੂੰ ਕੌਮੀ ਵਿਕਾਸ ਵਿੱਚ ਭਾਗ ਲੈਣ ਦੇ ਸਮਰੱਥ ਬਣਾਉਂਦੀ ਹੈ। ‘ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼’ ਦੀ 95ਵੀਂ ਸਾਲਾਨਾ ਮੀਟਿੰਗ ਅਤੇ ਵੀਸੀਜ਼ ਦੇ ਕੌਮੀ ਸੈਮੀਨਾਰ ਮੌਕੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘ਭਾਰਤ ਨੂੰ ਲੋਕਤੰਤਰ ਦੀ ਮਾਂ ਹੋਣ ਦਾ ਮਾਣ ਹੈ ਕਿਉਂਕਿ ਇਸਦੀਆਂ ਕਦਰਾਂ-ਕੀਮਤਾਂ ਸਾਡੀ ਸਮਾਜਿਕ ਜ਼ਿੰਦਗੀ ’ਚ ਵਸੀਆਂ ਹੋਈਆਂ ਹਨ।’ ਕੇਂਦਰ ਸਰਕਾਰ ਨੇ ਪਿਛਲੇ ਵਰ੍ਹੇ ਕੌਮੀ ਸਿੱਖਿਆ ਨੀਤੀ ਲਾਗੂ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਵਿੱਚ ਕੁਝ ਖਾਸ ਸਮਰੱਥਾਵਾਂ ਹੁੰਦੀਆਂ ਹਨ ਜੋ ਇੱਕ ਵਿਦਿਆਰਥੀ ਅਤੇ ਅਧਿਆਪਕ ਸਾਹਮਣੇ ਤਿੰਨ ਸਵਾਲ ਖੜ੍ਹੇ ਕਰਦੀਆਂ ਹਨ। ‘ਪਹਿਲਾ, ਉਹ ਕੀ ਕਰ ਸਕਦੇ ਹਨ? ਦੂਜਾ, ਜੇਕਰ ਉਨ੍ਹਾਂ ਨੂੰ ਸਹੀ ਢੰਗ ਨਾਲ ਪੜ੍ਹਾਇਆ ਜਾਵੇ ਤਾਂ ਉਨ੍ਹਾਂ ਦੀ ਸਮਰੱਥਾ ਕੀ ਹੈ? ਅਤੇ ਤੀਜਾ, ਉਹ ਕੀ ਕਰਨਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਪਹਿਲੇ ਸੁਆਲ ਦਾ ਜੁਆਬ ਵਿਦਿਆਰਥੀਆਂ ਦੀ ਅੰਦਰੂਨੀ ਸ਼ਕਤੀ ਹੈ ਪਰ ਜੇਕਰ ਇਸ ਵਿੱਚ ਸੰਸਥਾਗਤ ਸ਼ਕਤੀ ਵੀ ਜੋੜ ਦਿੱਤੀ ਜਾਵੇ ਤਾਂ ਉਨ੍ਹਾਂ ਦੇ ਵਿਕਾਸ ’ਚ ਵਾਧਾ ਹੋਵੇਗਾ ਅਤੇ ਵਿਦਿਆਰਥੀ ਉਹ ਸਭ ਕੁਝ ਕਰ ਸਕਣਗੇ ਜੋ ਉਹ ਕਰਨ ਦੇ ਸਮਰੱਥ ਹਨ। ਸਿੱਖਿਆ ਦਾ ਪ੍ਰਬੰਧਨ ਸਾਰੇ ਸੰਸਾਰ ਨੂੰ ਇੱਕ ਇਕਾਈ ਮੰਨ ਕੇ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਸਿੱਖਿਆ ਬਾਰੇ ਭਾਰਤ ਦੇ ਢੰਗ-ਤਰੀਕਿਆਂ ’ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਪੇਸ਼ੇਵਰ ਨੌਜਵਾਨਾਂ ਦੀ ਭੂਮਿਕਾ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਭਾਰਤ ‘ਆਤਮ-ਨਿਰਭਰਤਾ’ ਦੇ ਰਾਹ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਸਨੂਈ ਬੌਧਿਕਤਾ, 3ਡੀ ਪ੍ਰਿੰਟਿੰਗ, ਵਰਚੁਅਲ ਰਿਐਲਿਟੀ ਤੇ ਰੋਬੋਟਿਕਸ, ਮੋਬਾਈਲ ਟੈਕਨਾਲੋਜੀ, ਜੀਓ-ਇਨਫਰਮੈਟਿਕਸ, ਸਮਾਰਟ ਹੈਲਥਕੇਅਰ ਅਤੇ ਰੱਖਿਆ ਖੇਤਰ ਦੇ ਭਵਿੱਖਮਈ ਕੇਂਦਰ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਯੂਨੀਵਰਸਿਟੀਆਂ ਨੂੰ ਵੀ ਬਹੁ-ਵਿਸ਼ਾਈ ਬਣਨ ਲਈ ਪ੍ਰੇਰਿਤ ਕੀਤਾ। ਡਾ. ਬੀ ਆਰ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਕਿਹਾ,‘ਬਾਬਾਸਾਹਿਬ ਅੰਬੇਡਕਰ ਨੇ ਆਜ਼ਾਦੀ ਮਗਰੋਂ ਸਾਨੂੰ ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅੱਗੇ ਲਿਜਾਣ ਲਈ ਮਜ਼ਬੂਤ ਆਧਾਰ ਦਿੱਤਾ ਹੈ।’ ਉਨ੍ਹਾਂ ਇਸ ਮੌਕੇ ਡਾ. ਅੰਬੇਡਕਰ ਦੀ ਜ਼ਿੰਦਗੀ ’ਤੇ ਅਧਾਰਿਤ ਲੇਖਕ ਕਿਸ਼ੋਰ ਮਕਵਾਨਾ ਵੱਲੋਂ ਲਿਖੀਆਂ ਚਾਰ ਪੁਸਤਕਾਂ ਵੀ ਰਿਲੀਜ਼ ਕੀਤੀਆਂ। -ਪੀਟੀਆਈ