* ਪਵਾਰ ਦੀ ਰਿਹਾਇਸ਼ ’ਤੇ ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਲਏ ਗਏ ਅਹਿਮ ਫ਼ੈਸਲੇ
* ਰੈਲੀਆਂਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ
ਨਵੀਂ ਦਿੱਲੀ, 13 ਸਤੰਬਰ
ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਤੋਂ ਸਾਂਝੀਆਂ ਰੈਲੀਆਂ ਸ਼ੁਰੂ ਕਰਨ ਦਾ ਫ਼ੈਸਲਾ ਲੈਂਦਿਆਂ ਕਿਹਾ ਹੈ ਕਿ ਸੀਟਾਂ ਦੀ ਵੰਡ ਬਾਰੇ ਗੱਲਬਾਤ ਛੇਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਜਾਤੀ ਜਨਗਨਣਾ ਨਾਲ ਸਬੰਧਤ ਮੁੱਦਿਆਂ ਨੂੰ ਚੁੱਕਣਗੇ। ‘ਇੰਡੀਆ’ ਦੀ ਤਾਲਮੇਲ ਕਮੇਟੀ ਦੀ ਇਥੇ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਹੋਈ ਪਲੇਠੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਕਮੇਟੀ ਦੇ 14 ’ਚੋਂ 12 ਮੈਂਬਰ ਹਾਜ਼ਰ ਸਨ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਗੱਠਜੋੜ ’ਚ ਸ਼ਾਮਲ ਡੀਐੱਮਕੇ ਪਾਰਟੀ ਦੇ ਆਗੂ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ਬਾਰੇ ਦਿੱਤੇ ਬਿਆਨ ’ਤੇ ਰੌਲਾ ਪਿਆ ਹੋਇਆ ਹੈ। ਕਮੇਟੀ ਦੇ ਮੈਂਬਰ ਅਤੇ ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਨੂੰ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਤਲਬ ਕੀਤੇ ਜਾਣ ਕਾਰਨ ਉਹ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਦੀ ਬਦਲਾਖੋਰੀ ਵਾਲੀ ਸਿਆਸਤ ਦੇ ਨਤੀਜੇ ਵਜੋਂ ਈਡੀ ਦੇ ਸੰਮਨ ਭਿਜਵਾਏ ਗਏ ਹਨ। ਸਾਂਝਾ ਬਿਆਨ ਪੜ੍ਹਦਿਆਂ ਵੇਣੂਗੋਪਾਲ ਨੇ ਕਿਹਾ,‘‘ਤਾਲਮੇਲ ਕਮੇਟੀ ਨੇ ਸੀਟਾਂ ਦੀ ਵੰਡ ਦਾ ਅਮਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਗੱਠਜੋੜ ’ਚ ਸ਼ਾਮਲ ਪਾਰਟੀਆਂ ਦੇ ਮੈਂਬਰ ਆਪਸ ’ਚ ਗੱਲਬਾਤ ਕਰਨਗੇ ਅਤੇ ਸੀਟਾਂ ਦੀ ਵੰਡ ਛੇਤੀ ਕਰ ਲਈ ਜਾਵੇਗੀ।’’ ਉਨ੍ਹਾਂ ਕਿਹਾ ਕਿ ਕਮੇਟੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਸਾਂਝੀਆਂ ਰੈਲੀਆਂ ਕਰਨ ਦਾ ਫ਼ੈਸਲਾ ਲਿਆ ਹੈ। ਕਾਂਗਰਸ ਆਗੂ ਨੇ ਕਿਹਾ,‘‘ਪਹਿਲੀ ਰੈਲੀ ਅਕਤੂਬਰ ਦੇ ਪਹਿਲੇ ਹਫ਼ਤੇ ਭੋਪਾਲ ’ਚ ਹੋਵੇਗੀ ਜੋ ਮਹਿੰਗਾਈ, ਬੇਰੁਜ਼ਗਾਰੀ ਅਤੇ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇਂਦਰਿਤ ਹੋਵੇਗੀ।’’ ਇਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ‘ਇੰਡੀਆ’ ਗੱਠਜੋੜ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ ਅਤੇ ਉਹ ਦੇਸ਼ ਦਾ ਨਾਮ ਬਦਲਣ ਲਈ ਵੀ ਤਿਆਰ ਹਨ। ‘ਉਹ ਨਾ ਤਾਂ ਭਾਰਤ ਅਤੇ ਨਾ ਹੀ ਇੰਡੀਆ ਨੂੰ ਪਿਆਰ ਕਰਦੇ ਹਨ। ਉਹ ਸਿਰਫ਼ ਸੱਤਾ ਨੂੰ ਪਿਆਰ ਕਰਦੇ ਹਨ।’ ਨੈਸ਼ਨਲ ਕਾਨਫਰੰਸ ਮੁਖੀ ਉਮਰ ਅਬਦੁੱਲਾ ਨੇ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਚਰਚਾ ਛੇਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ’ਤੇ ਇਕਸਾਰ ਫਾਰਮੂਲਾ ਲਾਗੂ ਹੋਣਾ ਮੁਸ਼ਕਲ ਹੈ। ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖ਼ਾਨ ਨੇ ਕਿਹਾ ਕਿ ਮੈਂਬਰਾਂ ’ਚ ਕੋਈ ਮੱਤਭੇਦ ਨਹੀਂ ਹਨ ਅਤੇ ਸੀਟਾਂ ਦੀ ਵੰਡ ਦਾ ਫ਼ੈਸਲਾ ਛੇਤੀ ਲੈ ਲਿਆ ਜਾਵੇਗਾ। ਵਿਧਾਨ ਸਭਾ ਚੋਣਾਂ ’ਚ ਵੀ ਸੀਟਾਂ ਦੀ ਵੰਡ ਹੋਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਕ ਦੇਸ਼-ਇਕ ਚੋਣ ਦਾ ਫ਼ੈਸਲਾ ਕਰ ਸਕਦੀ ਹੈ ਤਾਂ ਫਿਰ ਸੀਟਾਂ ਦੀ ਵੀ ਵੰਡ ਹੋਵੇਗੀ ਪਰ ਮੌਜੂਦਾ ਸਮੇਂ ’ਚ ਇਸ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ‘ਇੰਡੀਆ’ ਗੱਠਜੋੜ ਦੀ ਮੁੰਬਈ ’ਚ ਹੋਈ ਤੀਜੀ ਮੀਟਿੰਗ ਦੌਰਾਨ ਜਾਰੀ ਕੀਤੇ ਗਏ ਮਤੇ ’ਚ ਕਿਹਾ ਗਿਆ ਸੀ ਕਿ ਪਾਰਟੀਆਂ ਜਿਥੋਂ ਤੱਕ ਸੰਭਵ ਹੋਵੇ, ਰਲ ਕੇ ਚੋਣਾਂ ਲੜਨਗੀਆ ਅਤੇ ਵੱਖ ਵੱਖ ਸੂਬਿਆਂ ’ਚ ਸੀਟਾਂ ਦੀ ਵੰਡ ਛੇਤੀ ਸ਼ੁਰੂ ਕੀਤੀ ਜਾਵੇਗੀ। ਵਿਰੋਧੀ ਆਗੂਆਂ ਮੁਤਾਬਕ ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਬਿਹਾਰ ਵਰਗੇ ਸੂਬਿਆਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਇੰਨਾ ਰੌਲਾ ਨਹੀਂ ਹੈ ਪਰ ਦਿੱਲੀ, ਪੰਜਾਬ ਅਤੇ ਪੱਛਮੀ ਬੰਗਾਲ ’ਚ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ
ਹਿੰਦੂ ਵਿਰੋਧੀ ਤਾਲਮੇਲ ਕਮੇਟੀ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਮੀਟਿੰਗ ਨੂੰ ‘ਹਿੰਦੂ ਵਿਰੋਧੀ ਤਾਲਮੇਲ ਕਮੇਟੀ’ ਦਾ ਇਕੱਠ ਕਰਾਰ ਦਿੱਤਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੇ ਆਗੂਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਹਨ ਅਤੇ ਸੋਨੀਆ ਤੇ ਰਾਹੁਲ ਗਾਂਧੀ ਸਨਾਤਨ ਧਰਮ ਦੇ ‘ਅਪਮਾਨ’ ਬਾਰੇ ਕੁਝ ਵੀ ਨਹੀਂ ਬੋਲ ਰਹੇ ਹਨ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਦੋਸ਼ ਲਾਇਆ ਕਿ ‘ਇੰਡੀਆ’ ਗੱਠਜੋੜ ਦਾ ਏਜੰਡਾ ਹਿੰਦੂਵਾਦ ਨੂੰ ਖ਼ਤਮ ਕਰਨਾ ਹੈ। ਉਸ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਪਹਿਲੇ ਨਾਮ ਅੰਤੋਨੀਆ ਮਾਇਨੋ ਨਾਲ ਪੁਕਾਰਦਿਆਂ ਦਾਅਵਾ ਕੀਤਾ ਕਿ ਉਹ ਹਿੰਦੂਵਾਦ ਨੂੰ ਨਿਸ਼ਾਨਾ ਬਣਾਉਣ ਦੀ ਪਿਛਲੇ ਲੰਬੇ ਸਮੇਂ ਤੋਂ ਸਾਜ਼ਿਸ਼ ਘੜ ਰਹੀ ਹੈ। -ਪੀਟੀਆਈ
ਜਾਤੀ ਜਨਗਣਨਾ ਤੇ ਮੀਡੀਆ ਬਾਰੇ ਵੀ ਬਣੀ ਸਹਿਮਤੀ
ਮੀਟਿੰਗ ਦੌਰਾਨ ਹਾਜ਼ਰ ਪਾਰਟੀਆਂ ਨੇ ਜਾਤੀ ਜਨਗਨਣਾ ਦਾ ਮੁੱਦਾ ਉਠਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਤਾਲਮੇਲ ਕਮੇਟੀ ਨੇ ਮੀਡੀਆ ਸਬ-ਗਰੁੱਪ ਨੂੰ ਅਧਿਕਾਰ ਦਿੱਤੇ ਹਨ ਕਿ ਉਹ ਅਜਿਹੇ ਐਂਕਰਾਂ ਦੇ ਨਾਵਾਂ ਦਾ ਫ਼ੈਸਲਾ ਲੈਣਗੇ ਜਿਨ੍ਹਾਂ ਦੇ ਸ਼ੋਅ ’ਚ ‘ਇੰਡੀਆ’ ਪਾਰਟੀਆਂ ਦੇ ਨੁਮਾਇੰਦੇ ਨਹੀਂ ਭੇਜੇ ਜਾਣਗੇ। ਮੀਟਿੰਗ ਦੌਰਾਨ ਐੱਨਸੀਪੀ ਮੁਖੀ ਸ਼ਰਦ ਪਵਾਰ, ਕਾਂਗਰਸ ਦੇ ਕੇ ਸੀ ਵੇਣੂਗੋਪਾਲ, ਝਾਰਖੰਡ ਦੇ ਮੁੱਖ ਮੰਤਰੀ ਅਤੇ ਜੇਐੱਮਐੱਮ ਆਗੂ ਹੇਮੰਤ ਸੋਰੇਨ, ਸੀਪੀਆਈ ਦੇ ਡੀ ਰਾਜਾ, ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖ਼ਾਨ, ਡੀਐੱਮਕੇ ਦੇ ਟੀ ਆਰ ਬਾਲੂ, ਆਰਜੇਡੀ ਆਗੂ ਤੇਜਸਵੀ ਯਾਦਵ, ‘ਆਪ’ ਰਾਜ ਸਭਾ ਮੈਂਬਰ ਰਾਘਵ ਚੱਢਾ, ਜਨਤਾ ਦਲ (ਯੂ) ਦੇ ਸੰਜੈ ਝਾਅ, ਐੱਨਸੀ ਆਗੂ ਉਮਰ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਹਾਜ਼ਰ ਸਨ। ਸੋਰੇਨ ਮੀਟਿੰਗ ’ਚ ਦੇਰੀ ਨਾਲ ਪੁੱਜੇ।