ਭਾਰਤ ਨਕਸਲਵਾਦ ਤੋਂ ਜਲਦੀ ਮੁਕਤ ਹੋਵੇਗਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 11 ਸਾਲਾਂ ਅੰਦਰ ਮਾਓਵਾਦ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 125 ਤੋਂ ਘੱਟ ਕੇ ਤਿੰਨ ਰਹਿ ਗਈ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਪੂਰਾ ਛੱਤੀਸਗੜ੍ਹ ਤੇ ਦੇਸ਼ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ। ਨਵਾਂ ਰਾਏਪੁਰ ’ਚ ਛੱਤੀਸਗੜ੍ਹ ਦੇ ਗਠਨ ਦੀ 25ਵੀਂ ਵਰ੍ਹੇਗੰਢ ਮੌਕੇ ‘ਛੱਤੀਸਗੜ੍ਹ ਰਜਤ ਮਹਾਉਤਸਵ’ ਮੌਕੇ ਉਨ੍ਹਾਂ ਸੂਬੇ ਦੀ ਵਿਕਾਸ ਯਾਤਰਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 25 ਸਾਲ ਪਹਿਲਾਂ ਲਾਇਆ ਬੂਟਾ ਅੱਜ ਵਿਕਾਸ ਦਾ ‘ਬੋਹੜ’ ਬਣ ਗਿਆ ਹੈ। ਉਨ੍ਹਾਂ ਅੱਜ ਸੂਬੇ ’ਚ ਸੜਕ, ਸਨਅਤ, ਸਿਹਤ ਸੇਵਾ ਅਤੇ ਊਰਜਾ ਜਿਹੇ ਅਹਿਮ ਖੇਤਰਾਂ ’ਚ 14,260 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਤਸੱਲੀ ਹੈ ਕਿ ਛੱਤੀਸਗੜ੍ਹ ਨਕਸਲੀ ਹਿੰਸਾ ਦੀ ਜਕੜ ’ਚੋਂ ਆਜ਼ਾਦ ਹੋ ਰਿਹਾ ਹੈ, ਜਿਸ ਨੇ ਸੂਬੇ ਨੂੰ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਭਾਰੀ ਦੁੱਖ ਦਿੱਤੇ ਹਨ। 50 ਸਾਲਾਂ ਤੱਕ ਇੱਥੋਂ ਦੇ ਲੋਕਾਂ ਨੇ (ਨਕਸਲਵਾਦ ਕਾਰਨ) ਅਸਹਿ ਦੁੱਖ ਝੱਲੇ ਹਨ। ਜਿਹੜੇ ਲੋਕ ਸੰਵਿਧਾਨ ਦਾ ਦਿਖਾਵਾ ਕਰਦੇ ਹਨ ਤੇ ਸਮਾਜਿਕ ਨਿਆਂ ਦੇ ਨਾਂ ’ਤੇ ਮਗਰਮੱਛ ਦੇ ਅਥਰੂ ਵਹਾਉਂਦੇ ਹਨ, ਉਨ੍ਹਾਂ ਆਪਣੇ ਸੁਆਰਥ ਖਾਤਰ ਤੁਹਾਡੇ ਨਾਲ ਬੇਇਨਸਾਫੀ ਕੀਤੀ ਹੈ। ਮਾਓਵਾਦੀ ਵਿਚਾਰਧਾਰਾ ਨੇ ਕਬਾਇਲੀ ਇਲਾਕਿਆਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਮਾਵਾਂ ਨੂੰ ਆਪਣੇ ਬੱਚਿਆਂ ਖਾਤਰ ਰੋਂਦੇ ਹੋਏ ਨਹੀਂ ਦੇਖ ਸਕਦਾ। 2014 ’ਚ ਜਦੋਂ ਤੁਸੀਂ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਭਾਰਤ ਨੂੰ ਮਾਓਵਾਦੀ ਅਤਿਵਾਦ ਤੋਂ ਮੁਕਤ ਕਰਨ ਦਾ ਅਹਿਦ ਲਿਆ ਅਤੇ ਅੱਜ ਨਤੀਜੇ ਦੇਸ਼ ਦੇ ਸਾਹਮਣੇ ਹਨ।’’ ਉਨ੍ਹਾਂ ਕਿਹਾ ਕਿ 11 ਸਾਲ ਪਹਿਲਾਂ ਭਾਰਤ ’ਚ 125 ਜ਼ਿਲ੍ਹੇ ਮਾਓਵਾਦੀ ਅਤਿਵਾਦ ਤੋਂ ਪ੍ਰਭਾਵਿਤ ਸਨ ਪਰ ਅੱਜ ਇਹ ਗਿਣਤੀ ਘੱਟ ਕੇ ਸਿਰਫ਼ ਤਿੰਨ ਰਹਿ ਗਈ ਹੈ। ਉਨ੍ਹਾਂ ਕਿਹਾ, ‘‘ਮੈਂ ਗਾਰੰਟੀ ਦਿੰਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਛੱਤੀਸਗੜ੍ਹ ਤੇ ਭਾਰਤ ਦਾ ਹਰ ਕੋਨਾ ਮਾਓਵਾਦੀ ਅਤਿਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ।’’ ਪ੍ਰਧਾਨ ਮੰਤਰੀ ਨੇ ਸ਼ਹੀਦ ਵੀਰ ਨਾਰਾਇਣ ਸਿੰਘ ਯਾਦਗਾਰ ਤੇ ਜਨਜਾਤੀ ਆਜ਼ਾਦੀ ਘੁਲਾਟੀਏ ਅਜਾਇਬਘਰ ਦਾ ਉਦਘਾਟਨ ਵੀ ਕੀਤਾ।
