ਨਵੀਂ ਦਿੱਲੀ, 26 ਫਰਵਰੀ
ਕਾਰੋਬਾਰੀਆਂ ਦੀਆਂ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਭਾਰਤ ਵਪਾਰ ਬੰਦ’ ਦੇ ਸੱਦੇ ਨੂੰ ਅੱਜ ਕੌਮੀ ਰਾਜਧਾਨੀ ਦਿੱਲੀ ਵਿੱਚ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਇਸ ਦੌਰਾਨ ਕਈ ਮਾਰਕੀਟਾਂ ਖੁੱਲ੍ਹੀਆਂ ਰਹੀਆਂ ਕਿਉਂਕਿ ਕਈ ਵਪਾਰੀਆਂ ਦਾ ਕਹਿਣਾ ਸੀ ਕਿ ਉਹ ਬੰਦ ਦਾ ਸਮਰਥਨ ਕਰਦੇ ਹਨ ਪਰ ਆਪਣੇ ਕਾਰੋਬਾਰ ਬੰਦ ਰੱਖ ਕੇ ਇਕ ਹੋਰ ਦਿਨ ਦਾ ਘਾਟਾ ਨਹੀਂ ਸਹਿਣਾ ਚਾਹੁੰਦੇ। ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਤ) ਨੇ ਵੀਰਵਾਰ ਨੂੰ ਕਿਹਾ ਸੀ ਕਿ ‘ਭਾਰਤ ਬੰਦ’ ਦੇ ਮੱਦੇਨਜ਼ਰ 26 ਫਰਵਰੀ ਨੂੰ ਦੇਸ਼ ਭਰ ਵਿੱਚ ਸਾਰੀਆਂ ਕਾਰੋਬਾਰੀ ਮਾਰਕੀਟਾਂ ਬੰਦ ਰਹਿਣਗੀਆਂ। ਇਹ ਭਾਰਤ ਬੰਦ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਵਿਵਸਥਾ ਦੇ ਪ੍ਰਬੰਧਾਂ ਦੀਆਂ ਖਾਮੀਆਂ ਦੂਰ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ। ਟਰੇਡ ਤੇ ਸਨਅਤ ਚੈਂਬਰ (ਸੀਟੀਆਈ) ਦੇ ਪ੍ਰਧਾਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਦਿੱਲੀ ਵਿੱਚ ਜ਼ਿਆਦਾਤਰ ਮਾਰਕੀਟਾਂ ਖੁੱਲ੍ਹੀਆਂ ਸਨ ਪਰ ਐਸੋਸੀਏਸ਼ਨਾਂ ਵੱਲੋਂ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਵੀਂ ਦਿੱਲੀ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਭਾਰਗਵ ਨੇ ਕਿਹਾ, ‘‘ਅਸੀਂ ਪੂਰੀ ਤਰ੍ਹਾਂ ਬੰਦ ਦੇ ਸਮਰਥਨ ’ਚ ਹਾਂ ਪਰ ਇਸ ਵੇਲੇ ਮਾਰਕੀਟ ’ਚ ਬੰਦ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ। ਵਪਾਰੀ ਪਹਿਲਾਂ ਹੀ ਘਾਟੇ ਵਿੱਚ ਹਨ ਅਤੇ ਉਨ੍ਹਾਂ ਉੱਪਰ ਕਿਰਾਏ ਦਾ ਭਾਰ ਹੈ। ਅਸੀਂ ਬੰਦ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਮੰਗਾਂ ਜਾਇਜ਼ ਹਨ।’’ ਦੇਰ ਸ਼ਾਮ ਆਏ ਸੀਟੀਆਈ ਦੇ ਇਕ ਬਿਆਨ ’ਚ ਦੱਸਿਆ ਗਿਆ ਕਿ ਵਪਾਰੀਆਂ ਨੇ ਕੌਮੀ ਰਾਜਧਾਨੀ ’ਚ ਕਈ ਥਾਈਂ ਪ੍ਰਦਰਸ਼ਨ ਵੀ ਕੀਤੇ।
ਇਸੇ ਤਰ੍ਹਾਂ ਪੰਜਾਬ, ਹਰਿਆਣਾ ਅਤੇ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ‘ਭਾਰਤ ਵਪਾਰ ਬੰਦ’ ਨੂੰ ਭਰਵਾਂ ਹੁੰਗਾਰਾ ਮਿਲਿਆ। ਇਨ੍ਹਾਂ ਰਾਜਾਂ ਵਿੱਚ ਵੀ ਕਾਰੋਬਾਰੀਆਂ ਨੇ ਬੰਦ ਨੂੰ ਪੂਰਾ ਸਮਰਥਨ ਦਿੱਤਾ ਪਰ ਆਪਣੇ ਕਾਰੋਬਾਰ ਬੰਦ ਰੱਖਣ ਤੋਂ ਅਸਮਰੱਥਾ ਜਤਾਈ। ਪੰਜਾਬ ਵਿੱਚ ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚ ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਖੁੱਲ੍ਹੇ ਰਹੇ। ਅੰਮ੍ਰਿਤਸਰ ਵਿੱਚ ਰੇਲਵੇ ਰੋਡ ’ਤੇ ਸਥਿਤ ਸਾਈਕਲ ਮਾਰਕੀਟ, ਰਾਮ ਬਾਗ ਏਰੀਆ, ਕੱਪੜਾ ਮਾਰਕੀਟ ਅਤੇ ਇੱਥੋਂ ਤੱਕ ਕਿ ਦਵਾਈਆਂ ਦੀਆਂ ਥੋਕ ਤੇ ਪ੍ਰਚੂਨ ਮਾਰਕੀਟਾਂ ਵੀ ਖੁੱਲ੍ਹੀਆਂ ਰਹੀਆਂ। ਮਾਰਕੀਟ ਐਸੋਸੀਏਸ਼ਨਾਂ ਨੇ ਵੀ ਉਹੀ ਗੱਲ ਆਖੀ ਕਿ ਉਹ ਬੰਦ ਦਾ ਪੂਰਾ ਸਮਰਥਨ ਕਰਦੀਆਂ ਹਨ ਪਰ ਆਪਣੇ ਕਾਰੋਬਾਰ ਬੰਦ ਰੱਖਣ ਦੀ ਸਥਿਤੀ ’ਚ ਨਹੀਂ ਹਨ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਤੇ ਕੁਰੂਕਸ਼ੇਤਰ ਵਿੱਚ ਵੀ ਸਾਰੀਆਂ ਮਾਰਕੀਟਾਂ ਤੇ ਸਾਰੇ ਪ੍ਰਮੁੱਖ ਕਾਰੋਬਾਰ ਖੁੱਲ੍ਹੇ ਰਹੇ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਵੀ ਬੰਦ ਦਾ ਕਾਰੋਬਾਰਾਂ ’ਤੇ ਕੋਈ ਪ੍ਰਭਾਵ ਨਹੀਂ ਦਿਖਿਆ। ਉੱਧਰ, ਉੱਤਰ-ਪੂਰਬੀ ਰਾਜਾਂ ਵਿੱਚ ਭਾਰਤ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਅਸਾਮ ਵਿੱਚ ਜ਼ਿਆਦਾਤਰ ਕਾਰੋਬਾਰੀ ਅਦਾਰੇ ਜਾਂ ਦੁਕਾਨਾਂ ਤੇ ਮਾਰਕੀਟਾਂ ਖੁੱਲ੍ਹੀਆਂ ਰਹੀਆਂ। ਆਲ ਤ੍ਰਿਪੁਰਾ ਮਰਚੇਂਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਜਿਤ ਰੌਏ ਨੇ ਕਿਹਾ ਕਿ ਉਨ੍ਹਾਂ ਦੇ ਹਜ਼ਾਰਾਂ ਮੈਂਬਰਾਂ ਨੇ ਬੰਦ ’ਚ ਹਿੱਸਾ ਨਹੀਂ ਲਿਆ। ਤੇਲੰਗਾਨਾ ਵਿੱਚ ਵੀ ਬੰਦ ਨੂੰ ਮੱਠਾ ਹੁੰਗਾਰਾ ਮਿਲਿਆ। ਹਾਲਾਂਕਿ, ਕੁਝ ਥਾਵਾਂ ’ਤੇ ਖੱਬੀਆਂ ਪਾਰਟੀਆਂ ਤੇ ਉਨ੍ਹਾਂ ਨਾਲ ਸਬੰਧਤ ਟਰੇਡ ਯੂਨੀਅਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਰਾਜਸਥਾਨ ’ਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਨਹੀਂ ਮਿਲ ਸਕਿਆ। -ਪੀਟੀਆਈ
ਉੜੀਸਾ ਤੇ ਬਿਹਾਰ ਵਿੱਚ ਮਿਲਿਆ ਜ਼ਬਰਦਸਤ ਹੁੰਗਾਰਾ
ਭੁਬਨੇਸ਼ਵਰ: ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਵੱਲੋਂ ਦਿੱਤੇ ਗਏ ‘ਭਾਰਤ ਵਪਾਰ ਬੰਦ’ ਦੇ ਸੱਦੇ ਨੂੰ ਉੜੀਸਾ ਅਤੇ ਬਿਹਾਰ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ। ਉੜੀਸਾ ਭਰ ਵਿੱਚ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ ਅਤੇ ਰਾਜ ਭਰ ਵਿੱਚ ਕਮਰਸ਼ੀਅਲ ਵਾਹਨ ਸੜਕਾਂ ’ਤੇ ਨਹੀਂ ਦਿਖੇ। ਸੂਬੇ ਵਿੱਚ ਇਸ ਹੜਤਾਲ ਦਾ ਅਸਰ ਸਵੇਰੇ 6 ਵਜੇ ਤੋਂ ਸ਼ਾਮ 6 ਤੱਕ ਦੇਖਿਆ ਗਿਆ। ਉੜੀਸਾ ਵਿਵਸਾਈ ਮਹਾਸੰਘ ਦੇ ਆਗੂ ਸੁਧਾਕਰ ਪਾਂਡਾ ਨੇ ਦੱਸਿਆ ਕਿ ਦਵਾਈਆਂ ਤੇ ਦੁੱਧ ਵਰਗੀਆਂ ਜ਼ਰੂਰੀ ਵਸਤਾਂ ਨੂੰ ਬੰਦ ਦੇ ਦਾਇਰੇ ’ਚੋਂ ਦੂਰ ਰੱਖਿਆ ਗਿਆ ਸੀ। ਰਾਜ ਦੇ ਕਈ ਵੱਡੇ ਸ਼ਹਿਰਾਂ ’ਚ ਬੰਦ ਦਾ ਕਾਫੀ ਅਸਰ ਦੇਖਿਆ ਗਿਆ। ਇਸੇ ਤਰ੍ਹਾਂ ਬਿਹਾਰ ਵਿੱਚ ਵੀ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਆਲ ਇੰਡੀਆ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦੇ ਫ਼ੈਸਲੇ ਅਨੁਸਾਰ ਬਿਹਾਰ ਭਰ ਵਿੱਚ ਵੱਖ-ਵੱਖ ਥਾਈਂ ਟਰੱਕ ਬੰਦ ਦੇ ਸਮਰਥਨ ਵਿੱਚ ਕੌਮੀ ਸ਼ਾਹਰਾਹਾਂ ’ਤੇ ਖੜ੍ਹੇ ਦੇਖੇ ਗਏ। ਯੂਨਾਈਟਿਡ ਫ਼ਰੰਟ ਆਫ਼ ਟਰਾਂਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਸਭਰਵਾਲ ਨੇ ਕਿਹਾ ਕਿ ਐਸੋਸੀਏਸ਼ਨ ਨਾਲ ਕਰੀਬ 85 ਲੱਖ ਟਰੱਕ ਰਜਿਸਟਰਡ ਹਨ ਜਿਨ੍ਹਾਂ ’ਚੋਂ ਕਰੀਬ 80 ਫ਼ੀਸਦ ਟਰੱਕ ਹੜਤਾਲ ਦੇ ਸਮਰਥਨ ’ਚ ਸੜਕਾਂ ’ਤੇ ਨਹੀਂ ਆਏ। -ਏਜੰਸੀ