'ਵੰਦੇ ਮਾਤਰਮ' ਗੀਤ ਦੀ ਵੰਡ ਕਾਰਨ ਹੋਈ ਭਾਰਤ ਦੀ ਵੰਡ: ਗ੍ਰਹਿ ਮੰਤਰੀ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰੀ ਗੀਤ ਦੇ 150 ਸਾਲਾਂ ਬਾਰੇ ਬਹਿਸ ਨੂੰ ਆਗਾਮੀ ਪੱਛਮੀ ਬੰਗਾਲ ਚੋਣਾਂ ਨਾਲ ਜੋੜਨ ਲਈ ਵਿਰੋਧੀ ਧਿਰ ਦੀ ਨਿੰਦਾ ਕਰਦਿਆਂ ਕਿਹਾ ਕਿ ਭੇਦਭਾਵ(ਤੁਸ਼ਟੀਕਰਨ) ਦੀ ਰਾਜਨੀਤੀ ਲਈ 'ਵੰਦੇ ਮਾਤਰਮ' ਗੀਤ ਦੀ ਵੰਡ ਕਾਰਨ ਭਾਰਤ ਦੀ ਵੰਡ ਹੋਈ।
ਸਦਨ ਵਿੱਚ ਬਹਿਸ ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ ਉਹ ਮੰਤਰ ਸੀ ਜਿਸ ਨੇ ਭਾਰਤ ਦੇ ਸੱਭਿਆਚਾਰਕ ਰਾਸ਼ਟਰਵਾਦ ਨੂੰ ਜਗਾਇਆ, ਅਤੇ ਇਹ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਜਿੰਨਾ ਇਹ ਆਜ਼ਾਦੀ ਸੰਗਰਾਮ ਦੌਰਾਨ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਗੀਤ ਆਉਣ ਵਾਲੇ ਸਮੇਂ ਵਿੱਚ ਵੀ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲਿਜਾਣ ਵਿੱਚ ਪ੍ਰਸੰਗਿਕ ਰਹੇਗਾ।
ਸ਼ਾਹ ਨੇ ਵੰਦੇ ਮਾਤਰਮ 'ਤੇ ਬਹਿਸ ਦੀ ਜ਼ਰੂਰਤ 'ਤੇ ਸਵਾਲ ਚੁੱਕਣ ਲਈ ਕਾਂਗਰਸ 'ਤੇ ਵੀ ਹਮਲਾ ਕੀਤਾ ਅਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਕਵਿਤਾ ਨੂੰ ਵੰਡਣ ਅਤੇ ਇਸ ਨੂੰ ਦੋ ਪੈਰਿਆਂ ਤੱਕ ਸੀਮਤ ਕਰਨ ਦਾ ਦੋਸ਼ ਲਗਾਇਆ।
ਸ਼ਾਹ ਨੇ ਕਿਹਾ, "ਕੱਲ੍ਹ ਲੋਕ ਸਭਾ ਵਿੱਚ ਕੁਝ ਸੰਸਦ ਮੈਂਬਰਾਂ ਨੇ ਸਵਾਲ ਕੀਤਾ ਕਿ ਵੰਦੇ ਮਾਤਰਮ 'ਤੇ ਚਰਚਾ ਕਰਨ ਦੀ ਕੀ ਲੋੜ ਹੈ। ਚਰਚਾ ਦੀ ਲੋੜ... ਓਨੀ ਹੀ ਪ੍ਰਸੰਗਿਕ ਸੀ ਜਦੋਂ ਇਹ ਗੀਤ ਲਿਖਿਆ ਗਿਆ ਸੀ, ਆਜ਼ਾਦੀ ਅੰਦੋਲਨ ਦੌਰਾਨ, ਅੱਜ ਅਤੇ 2047 ਵਿੱਚ ਵੀ ਓਨੀ ਹੀ ਪ੍ਰਸੰਗਿਕ ਰਹੇਗੀ ਜਦੋਂ ਵਿਕਸਿਤ ਭਾਰਤ ਪ੍ਰਾਪਤ ਹੋ ਜਾਵੇਗਾ।’’
ਉਨ੍ਹਾਂ ਕਿਹਾ, ‘‘ਕੁਝ ਲੋਕ ਕਹਿ ਰਹੇ ਹਨ ਕਿ ਵੰਦੇ ਮਾਤਰਮ 'ਤੇ ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਪੱਛਮੀ ਬੰਗਾਲ ਵਿੱਚ ਚੋਣਾਂ ਆ ਰਹੀਆਂ ਹਨ... ਉਹ ਇਸ ਨੂੰ ਬੰਗਾਲ ਚੋਣਾਂ ਨਾਲ ਜੋੜ ਕੇ ਵੰਦੇ ਮਾਤਰਮ ਦੀ ਮਹੱਤਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।’’
ਗ੍ਰਹਿ ਮੰਤਰੀ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੰਦੇ ਮਾਤਰਮ ਦੇ ਸੰਦੇਸ਼ ਦੀ ਭਾਵਨਾ ਨੂੰ ਦੇਸ਼ ਦੇ ਨੌਜਵਾਨਾਂ ਤੱਕ ਲੈ ਕੇ ਜਾਣ।
ਉਨ੍ਹਾਂ ਕਿਹਾ, "1937 ਵਿੱਚ ਵੰਦੇ ਮਾਤਰਮ ਦੀ 50ਵੀਂ ਵਰ੍ਹੇਗੰਢ 'ਤੇ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਅਤੇ ਇਸ ਨੂੰ ਦੋ ਪੈਰਿਆਂ ਤੱਕ ਸੀਮਤ ਕਰ ਦਿੱਤਾ। ਕਾਂਗਰਸ ਨੇ ਇਸ ਤਰ੍ਹਾਂ ਵੰਦੇ ਮਾਤਰਮ ਦਾ ਸਨਮਾਨ ਕੀਤਾ," ਜਿਸ ਕਾਰਨ ਵਿਰੋਧੀ ਸੰਸਦ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
ਸ਼ਾਹ ਨੇ ਇਸ ਨੂੰ ਤੁਸ਼ਟੀਕਰਨ ਦੀ ਰਾਜਨੀਤੀ ਦੀ ਸ਼ੁਰੂਆਤ ਦੱਸਿਆ ਅਤੇ ਕਿਹਾ ਕਿ ਇਸ ਨਾਲ ਭਾਰਤ ਦੀ ਵੰਡ ਹੋਈ। ਉਨ੍ਹਾਂ ਕਿਹਾ, "ਜੇ ਉਨ੍ਹਾਂ ਨੇ ਤੁਸ਼ਟੀਕਰਨ ਦੀ ਰਾਜਨੀਤੀ ਲਈ ਗੀਤ ਨੂੰ ਦੋ ਹਿੱਸਿਆਂ ਵਿੱਚ ਨਾ ਵੰਡਿਆ ਹੁੰਦਾ, ਤਾਂ ਭਾਰਤ ਦੀ ਵੰਡ ਵੀ ਨਾ ਹੋਈ ਹੁੰਦੀ," ਜਿਸ ਕਾਰਨ ਵਿਰੋਧੀ ਧਿਰ ਦੇ ਬੈਂਚਾਂ ਤੋਂ ਹੋਰ ਹੰਗਾਮਾ ਹੋ ਗਿਆ।
