India-US Trade: ਅਮਰੀਕਾ ਨਾਲ ਕਾਨੂੰਨੀ ਖਰੜੇ ’ਤੇ ਕੰਮ ਜਾਰੀ: ਗੋਇਲ
‘ਹੋਰ ਮੁਲਕਾਂ ਨਾਲੋਂ ਵੱਧ ਲਾਹਾ ਮਿਲਣ ’ਤੇ ਵਪਾਰ ਸਮਝੌਤਾ ਅਮਲ ’ਚ ਆਵੇਗਾ’; ਗੋਰ ਵੱਲੋਂ ਸਮਝੌਤੇ ਦੇ ਵੱਡੇ ਮੁੱਦੇ ਹੱਲ ਹੋਣ ਦਾ ਦਾਅਵਾ
ਵਣਜ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸ ਦਾ ਕਾਨੂੰਨੀ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਜਤਾਈ ਕਿ ਇਸ ਨੂੰ ਛੇਤੀ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਭਾਰਤ ਨੂੰ ਹੋਰ ਮੁਲਕਾਂ ਦੇ ਮੁਕਾਬਲੇ ’ਚ ਲਾਹਾ ਮਿਲਣ ਮਗਰੋਂ ਇਹ ਅਮਲ ’ਚ ਆਵੇਗਾ। ਉਧਰ ਅਮਰੀਕੀ ਸਫ਼ੀਰ ਸਰਜੀਓ ਗੋਰ ਨੇ ਕਿਹਾ ਕਿ ਭਾਰਤ ਨਾਲ ਵਪਾਰ ਸਮਝੌਤੇ ਬਾਰੇ ਗੱਲਬਾਤ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ ਅਤੇ ਇਸ ਦੇ ਵੱਡੇ ਮੁੱਦੇ ਹੱਲ ਹੋ ਚੁੱਕੇ ਹਨ।
ਗੋਇਲ ਨੇ ਇੱਥੇ ਸਮਾਗਮ ਦੌਰਾਨ ਦੱਸਿਆ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿਚਾਲੇ ਮੁਕਤ ਵਪਾਰ ਸਮਝੌਤੇ ’ਤੇ ਦਸੰਬਰ ’ਚ ਦਸਤਖ਼ਤ ਕੀਤੇ ਜਾਣਗੇ ਤੇ ਇਹ ਅਗਲੇ ਸਾਲ ਫਰਵਰੀ ਜਾਂ ਮਾਰਚ ਤੋਂ ਲਾਗੂ ਹੋ ਜਾਵੇਗਾ। ਇਸ ਦੌਰਾਨ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਬਾਰੇ ਵਾਰਤਾ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ।
ਬਲੂਮਬਰਗ ਨਿਊ ਇਕਾਨੌਮੀ ਫੋਰਮ ’ਚ ਬੋਲਦਿਆਂ ਅਮਰੀਕੀ ਸਫ਼ੀਰ ਸਰਜੀਓ ਗੋਰ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਬਿਆਨ ਦੀ ਤਾਈਦ ਕਰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਪਾਰ ਸਮਝੌਤੇ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਨ। ਵਾਰਤਾ ਬਾਰੇ ਪੁੱਛੇ ਜਾਣ ’ਤੇ ਗੋਰ ਨੇ ਕਿਹਾ, ‘‘ਇਸ ਮੁਕਾਮ ’ਤੇ ਮੈਂ ਵੇਰਵੇ ਸਾਂਝੇ ਨਹੀਂ ਕਰਨਾ ਚਾਹਾਂਗਾ ਅਤੇ ਮੰਤਰੀਆਂ ਨੂੰ ਇਸ ਦਾ ਐਲਾਨ ਕਰਨ ਦਿਓ। ਯੂਰੋਪੀਅਨ ਯੂਨੀਅਨ ਵਪਾਰ ਸਮਝੌਤਾ ਹੋਣ ਨੂੰ ਕਰੀਬ 20 ਸਾਲ ਲੱਗੇ ਸਨ ਪਰ ਅਸੀਂ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਸਮਝੌਤਾ ਛੇਤੀ ਹੀ ਸਿਰੇ ਚੜ੍ਹ ਜਾਵੇਗਾ।’’ ਉਨ੍ਹਾਂ ਦੱਸਿਆ ਕਿ ਭਾਰਤ ਅਤੇ ਅਮਰੀਕਾ ਪਿਛਲੇ ਡੇਢ ਸਾਲ ਤੋਂ ਵਪਾਰ ਸਮਝੌਤੇ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਰਗੇ 1.4 ਅਰਬ ਦੀ ਆਬਾਦੀ ਵਾਲੇ ਵਿਸ਼ਾਲ ਮੁਲਕ ਨਾਲ ਸਮਝੌਤਾ ਕਰਨਾ ਬਹੁਤ ਗੁੰਝਲਦਾਰ ਕੰਮ ਹੈ ਪਰ ਵੱਡੀ ਤਸਵੀਰ ਅਤੇ ਮੁੱਖ ਢਾਂਚਾ ਤਿਆਰ ਕੀਤਾ ਜਾ ਚੁੱਕਿਆ ਹੈ। ਗੋਰ ਦਾ ਇਹ ਬਿਆਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਭਾਰਤ ਦੌਰੇ ਤੋਂ ਕੁਝ ਦਿਨ ਪਹਿਲਾਂ ਆਇਆ ਹੈ ਜਿਸ ਕਾਰਨ ਇਸ ਦੀ ਅਹਿਮੀਅਤ ਹੋਰ ਵਧ ਗਈ ਹੈ।
ਭਾਰਤ-ਕੈਨੇਡਾ ਵਿਚਾਲੇ ਵਾਰਤਾ ਨਵੰਬਰ ’ਚ
ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਵਿਚਾਲੇ ਤਜਵੀਜ਼ਤ ਮੁਕਤ ਵਪਾਰ ਸਮਝੌਤੇ ਬਾਰੇ ਵਾਰਤਾ ਦਾ ਅਗਲਾ ਗੇੜ ਇੱਥੇ ਨਵੰਬਰ ਦੇ ਸ਼ੁਰੂ ’ਚ ਹੋਵੇਗਾ। ਵਣਜ ਅਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨੇ ਆਪਣੇ ਕੈਨੇਡੀਅਨ ਹਮਰੁਤਬਾ ਮਨਿੰਦਰ ਸਿੱਧੂ ਨਾਲ 13 ਅਕਤੂਬਰ ਨੂੰ ਕੈਨੇਡਾ ’ਚ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਪੰਜਵੇਂ ਗੇੜ ਦੀ ਵਾਰਤਾ ਕੀਤੀ ਸੀ। ਦੋਵੇਂ ਮੁਲਕਾਂ ਨੇ ਮੌਜੂਦਾ ਵਰ੍ਹੇ ਦੇ ਅਖ਼ੀਰ ਤੱਕ ਵਾਰਤਾ ਮੁਕੰਮਲ ਕਰਨ ਦਾ ਟੀਚਾ ਰੱਖਿਆ ਹੈ। -ਪੀਟੀਆਈ

