ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨ ਡੀ ਏ ਸੰਸਦੀ ਪਾਰਟੀ ਦੀ ਮੀਟਿੰਗ ’ਚ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਵੱਡਾ ਫ਼ੈਸਲਾ ਹੈ ਜੋ ਹਰ ਦੇਸ਼ ਵਾਸੀ ਲਈ ਲਾਹੇਵੰਦ ਹੋਵੇਗਾ। ਮੀਟਿੰਗ ’ਚ ਸ਼ਾਮਲ ਸੰਸਦ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਰਾਸ਼ਟਰ ਦੇ ਹਿੱਤ ’ਚ ਕੰਮ ਕਰਦੀ ਹੈ। ਐੱਨ ਡੀ ਏ ’ਚ ਸ਼ਾਮਲ ਪਾਰਟੀਆਂ ਦੇ ਮੈਂਬਰਾਂ ਨੇ ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਨਾਲ ਵਪਾਰ ਸਮਝੌਤੇ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਨਾਲ ਭਾਰਤੀ ਨਿਰਮਾਤਾਵਾਂ, ਬਰਾਮਦਕਾਰਾਂ ਤੇ ਕਾਰੋਬਾਰੀਆਂ ਨੂੰ ਮਜ਼ਬੂਤੀ ਮਿਲੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ, ‘‘ਸੰਸਦ ਮੈਂਬਰ ਇਸ ਗੱਲ ਤੋਂ ਉਤਸ਼ਾਹਿਤ ਹਨ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਨੌਂ ਵਪਾਰ ਸਮਝੌਤੇ ਸਿਰੇ ਚੜ੍ਹੇ ਹਨ। ਕੁੱਲ 39 ਮੁਲਕਾਂ ਨਾਲ ਵਪਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਹਨ। ਇਹ ਇਤਿਹਾਸਕ ਹੈ। ਇਸ ਸਾਰੇ 39 ਦੇਸ਼ ਵਿਕਸਿਤ ਹਨ। ਦੇਸ਼ ਅੰਦਰ ਬਹੁਤ ਚੰਗਾ ਮਾਹੌਲ ਹੈ।’’ ਸ਼ਿਵ ਸੈਨਾ ਦੇ ਸੰਸਦ ਮੈਂਬਰ ਮਿਲਿੰਦ ਦਿਓੜਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਸਮਝਾਇਆ ਕਿ ਸਰਕਾਰ ਭਾਰਤ ਦੇ ਪੱਖ ’ਚ ਕੰਮ ਕਰਦੀ ਹੈ; ਭਾਵੇਂ ਉਹ ਵਪਾਰ ਸਮਝੌਤਾ ਹੋਵੇ ਜਾਂ ਬਜਟ। ਭਾਰਤ-ਅਮਰੀਕਾ ਅਤੇ ਭਾਰਤ-ਯੂਰੋਪ ਵਿਚਾਲੇ ਵਪਾਰ ਸਮਝੌਤਿਆਂ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਘਜਾਂਦਾ ਹੈ।’’

