India-Russia Relations: ਜੈਸ਼ੰਕਰ ਨੇ ਰੂਸੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ
ਦੁਵੱਲੇ ਅਤੇ ਆਲਮੀ ਮੁੱਦੇ ਵਿਚਾਰੇ; ਦੋਵਾਂ ਮੰਤਰੀਆਂ ਨੇ ਸੰਵਾਦ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਵਿਆਪਕ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਰੂਸ ਦੁਵੱਲੇ ਸਹਿਯੋਗ, ਖੇਤਰੀ ਹਾਲਾਤ, ਆਲਮੀ ਚੁਣੌਤੀਆਂ ਅਤੇ ਬਹੁਪੱਖੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਰੂਸੀ ਸਰਕਾਰੀ ਖ਼ਬਰ ਏਜੰਸੀ ਤਾਸ ਮੁਤਾਬਕ ਗੱਲਬਾਤ ਦੌਰਾਨ ਯੂਕਰੇਨ, ਇਰਾਨ ਅਤੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ’ਤੇ ਵੀ ਚਰਚਾ ਕੀਤੀ ਗਈ। ਦੋਵਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ, ਸ਼ੰਘਾਈ ਸਹਿਯੋਗ ਸੰਗਠਨ, ਬਰਿਕਸ ਅਤੇ ਜੀ-20 ਸਮੇਤ ਬਹੁਪੱਖੀ ਮੰਚਾਂ ’ਤੇ ਤਾਲਮੇਲ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਕਿਹਾ ਕਿ ਲਾਵਰੋਵ ਨਾਲ ਗੱਲਬਾਤ ਦੌਰਾਨ ਦੁਵੱਲੇ ਸਹਿਯੋਗ, ਅਹਿਮ ਖੇਤਰੀ ਮਸਲਿਆਂ, ਆਲਮੀ ਚੁਣੌਤੀਆਂ ਅਤੇ ਬਹੁਪੱਖੀ ਮੁੱਦਿਆਂ ’ਤੇ ਚਰਚਾ ਹੋਈ। ਦੋਵਾਂ ਮੰਤਰੀਆਂ ਨੇ ਹਰ ਪੱਧਰ ’ਤੇ ਭਰੋਸੇ ’ਤੇ ਆਧਾਰਿਤ ਸੰਵਾਦ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ। ਵਿਦੇਸ਼ ਮੰਤਰੀ ਜੈਸ਼ੰਕਰ ਦੋ ਦਿਨਾ ਰੂਸ ਦੌਰੇ ’ਤੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਪੁੂਤਿਨ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਧਿਰਾਂ ਨੇ ਆਰਥਿਕ ਸਮਝੌਤਿਆਂ ’ਤੇ ਚਰਚਾ ਕੀਤੀ ਜਿਸ ਵਿੱਚ ਊਰਜਾ, ਖਾਦਾਂ ਤੇ ਪਰਮਾਣੂ ਸਹਿਯੋਗ ਸਮੇਤ ਵਪਾਰਕ ਸਬੰਧ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਜੈਸ਼ੰਕਰ ਨੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਵੀ ਕੀਤੀ।

