ਨਵੀਂ ਦਿੱਲੀ, 19 ਸਤੰਬਰ
ਦੇਸ਼ ਵਿੱਚ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਭਾਰਤ ਛੇਤੀ ਹੀ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਸਕਦਾ ਹੈ। ਵਿਸ਼ਵਵਿਆਪੀ ਮਹਾਮਾਰੀ ਕੋਵਿਡ-19 ਕਾਰਨ ਮਾਰਚ 2020 ਵਿੱਚ ਕੀਤੀ ਗਈ ਦੇਸ਼ਵਿਆਪੀ ਤਾਲਾਬੰਦੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਹਵਾਬਾਜ਼ੀ ਖੇਤਰਾਂ ਨੂੰ ਸੁਰਜੀਤ ਕਰਨ ਦੀ ਕਵਾਇਦ ਵਿੱਚ ਪਹਿਲੇ ਪੰਜ ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮੁਫਤ ਵੀਜ਼ੇ ਜਾਰੀ ਕੀਤੇ ਜਾਣਗੇ। ਕੇਂਦਰੀ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀ ਵਿਦੇਸ਼ੀ ਸੈਲਾਨੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੀ ਸੰਭਾਵਤ ਤਰੀਕ ਅਤੇ ਤਰੀਕਿਆਂ ਬਾਰੇ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਨੂੰ ਭਾਰਤ ਆਉਣ ਦੀ ਆਗਿਆ ਦੇਣ ਬਾਰੇ ਰਸਮੀ ਐਲਾਨ ਅਗਲੇ ਦਸ ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ।