ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਇੱਥੇ ਕਿਹਾ ਕਿ ਕੁੱਝ ਉਤਪਾਦਾਂ ਵਿੱਚ ਬਾਜ਼ਾਰ ਪਹੁੰਚ ਸਬੰਧੀ ਚਿੰਤਾਵਾਂ ਕਾਰਨ ਭਾਰਤ-ਪੇਰੂ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ਲਈ ਚੱਲ ਰਹੀ ਗੱਲਬਾਤ ਜਲਦੀ ਸਿਰੇ ਲੱਗਣ ਦੀ ਉਮੀਦ ਨਹੀਂ ਹੈ। ਉਨ੍ਹਾਂ ਇੱਥੇ 17ਵੇਂ ਟੁਆਏ ਬਿਜ਼ ਇੰਟਰਨੈਸ਼ਨਲ ਬੀ2ਬੀ ਐਕਸਪੋ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੁੱਝ ਚਿੰਤਾਵਾਂ ਹਨ। ਕਈ ਅਜਿਹੇ ਉਤਪਾਦ ਹਨ, ਜਿੱਥੇ ਅਸੀਂ ਉਨ੍ਹਾਂ ਨੂੰ ਬਾਜ਼ਾਰ ਤੱਕ ਪਹੁੰਚ ਦੀ ਇਜਾਜ਼ਤ ਨਹੀਂ ਦੇ ਸਕਦੇ। ਮੈਨੂੰ ਨਹੀਂ ਲੱਗਦਾ ਕਿ ਪੇਰੂ ਨਾਲ ਐੱਫ ਟੀ ਏ ਜਲਦੀ ਹੋਣ ਜਾ ਰਿਹਾ ਹੈ।’’ ਜ਼ਿਕਰਯੋਗ ਹੈ ਕਿ ਭਾਰਤ ਅਤੇ ਪੇਰੂ ਦਰਮਿਆਨ ਤਜਵੀਜ਼ਤ ਐੱਫ ਟੀ ਏ ਲਈ ਗੱਲਬਾਤ ਸਾਲ 2017 ਵਿੱਚ ਸ਼ੁਰੂ ਹੋਈ ਸੀ। ਦੂਜੇ ਪਾਸੇ ਭਾਰਤ-ਕੈਨੇਡਾ ਐੱਫ ਟੀ ਏ ਸਬੰਧੀ ਮੰਤਰੀ ਨੇ ਹਾਂ-ਪੱਖੀ ਸੰਕੇਤ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਅਧਿਕਾਰੀਆਂ ਦੀ ਟੀਮ ਗੱਲਬਾਤ ਦੇ ਅਗਲੇ ਗੇੜ ਲਈ ਸੋਮਵਾਰ ਨੂੰ ਕੈਨੇਡਾ ਜਾਵੇਗੀ। ਪਿਊਸ਼ ਗੋਇਲ ਨੇ ਕਿਹਾ, ‘‘ਕੈਨੇਡਾ ਨਾਲ ਐੱਫ ਟੀ ਏ ਗੱਲਬਾਤ ਲੀਹ ’ਤੇ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਗਲੇ ਛੇ ਮਹੀਨਿਆਂ ਵਿੱਚ ਇਸ ਨੂੰ ਅੰਤਿਮ ਰੂਪ ਦੇ ਦਿਆਂਗੇ।’’
ਕੇਂਦਰੀ ਮੰਤਰੀ ਨੇ ਦੱਸਿਆ ਕਿ ਉਹ 13 ਜੁਲਾਈ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੇਲ, ਸੂਚਨਾ ਅਤੇ ਪ੍ਰਸਾਰਨ ਅਤੇ ਇਲੈੱਕਟ੍ਰਾਨਿਕਸ ਅਤੇ ਆਈ ਟੀ ਮੰਤਰੀ ਅਸ਼ਨਵੀ ਵੈਸ਼ਨਵ ਨਾਲ ਬ੍ਰਸਲਜ਼ ਜਾਣਗੇ, ਜਿੱਥੇ ਉਹ ਭਾਰਤ-ਯੂਰੋਪੀਅਨ ਸੰਘ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਮੀਟਿੰਗ ’ਚ ਹਿੱਸਾ ਲੈਣਗੇ।
