ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਨਵੀਂ ਦਿੱਲੀ, 25 ਫਰਵਰੀ

ਭਾਰਤ ਅਤੇ ਪਾਕਿਸਤਾਨ ਕੰਟਰੋਲ ਰੇਖਾ (ਐੱਲਓਸੀ) ਤੇ ਹੋਰ ਸੈਕਟਰਾਂ ’ਚ ਗੋਲੀਬੰਦੀ ਨਾਲ ਸਬੰਧਤ ਕੀਤੇ ਗਏ ਸਾਰੇ ਸਮਝੌਤਿਆਂ ਦਾ ਸਖ਼ਤੀ ਨਾਲ ਪਾਲਣ ਲਈ ਸਹਿਮਤ ਹੋ ਗਏ ਹਨ। ਗੋਲੀਬੰਦੀ ਦਾ ਇਹ ਫ਼ੈਸਲਾ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। ਇਹ ਫ਼ੈਸਲਾ ਦੋਵੇਂ ਮੁਲਕਾਂ ਦੇ ਫ਼ੌਜੀ ਅਪਰੇਸ਼ਨਾਂ ਬਾਰੇ ਡਾਇਰੈਕਟਰ ਜਨਰਲਾਂ (ਡੀਜੀਐੱਮਓਜ਼) ਵਿਚਕਾਰ ਹੋਈ ਬੈਠਕ ਮਗਰੋਂ ਲਿਆ ਗਿਆ। ਭਾਰਤ ਅਤੇ ਪਾਕਿਸਤਾਨ ਨੇ 2003 ’ਚ ਗੋਲੀਬੰਦੀ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਪਰ ਪਿਛਲੇ ਕਈ ਸਾਲਾਂ ਤੋਂ ਇਹ ਮੁਸ਼ਕਲ ਨਾਲ ਹੀ ਹਕੀਕੀ ਰੂਪ ’ਚ ਲਾਗੂ ਹੋ ਸਕਿਆ ਸੀ ਅਤੇ ਬਹੁਤੀ ਵਾਰ ਸਮਝੌਤੇ ਦੀ ਉਲੰਘਣਾ ਹੁੰਦੀ ਰਹੀ ਸੀ।

ਡੀਜੀਐੱਮਓਜ਼ ਨੇ ਹੌਟਲਾਈਨ ਸੰਪਰਕ ਦੇ ਬਣੇ ਢਾਂਚੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਕੰਟਰੋਲ ਰੇਖਾ ਤੇ ਹੋਰ ਸਾਰੇ ਸੈਕਟਰਾਂ ਦੇ ਹਾਲਾਤ ਦੀ ਆਜ਼ਾਦਾਨਾ, ਖੁੱਲ੍ਹੇ ਅਤੇ ਸੁਖਾਵੇਂ ਮਾਹੌਲ ’ਚ ਨਜ਼ਰਸਾਨੀ ਕੀਤੀ। ਸਾਂਝੇ ਬਿਆਨ ’ਚ ਕਿਹਾ ਗਿਆ ਕਿ ਸਰਹੱਦਾਂ ’ਤੇ ਸਥਾਈ ਸ਼ਾਂਤੀ ਲਈ ਦੋਵੇਂ ਡੀਜੀਐੱਮਓਜ਼ ਨੇ ਇਕ-ਦੂਜੇ ਦੇ ਅਹਿਮ ਮੁੱਦਿਆਂ ਅਤੇ ਚਿੰਤਾਵਾਂ ਨੂੰ ਸੁਲਝਾਉਣ ’ਤੇ ਸਹਿਮਤੀ ਪ੍ਰਗਟਾਈ ਜਿਨ੍ਹਾਂ ਨਾਲ ਸ਼ਾਂਤੀ ਦਾ ਮਾਹੌਲ ਵਿਗੜਨ ਦੇ ਨਾਲ ਨਾਲ ਹਿੰਸਾ ਭੜਕ ਸਕਦੀ ਹੈ। ਬਿਆਨ ’ਚ ਕਿਹਾ ਗਿਆ ਕਿ ਹੌਟਲਾਈਨ ਸੰਪਰਕ ਅਤੇ ਸਰਹੱਦੀ ਫਲੈਗ ਮੀਟਿੰਗਾਂ ਦੀ ਵਰਤੋਂ ਗਲਤਫਹਿਮੀਆਂ ਦੂਰ ਕਰਨ ਜਾਂ ਹੋਰ ਨਿਵੇਕਲੇ ਹਾਲਾਤ ’ਚੋਂ ਬਾਹਰ ਨਿਕਲਣ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਲੋਕ ਸਭਾ ’ਚ ਲਿਖਤੀ ਸਵਾਲ ਦੇ ਜਵਾਬ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਸੀ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪਾਕਿਸਤਾਨ ਨਾਲ ਲਗਦੀ ਭਾਰਤੀ ਸਰਹੱਦ ’ਤੇ 10,752 ਵਾਰ ਗੋਲੀਬੰਦੀ ਦੀ ਉਲੰਘਣਾ ਹੋਈ ਜਿਸ ’ਚ ਸੁਰੱਖਿਆ ਅਮਲੇ ਦੇ 72 ਜਵਾਨ ਅਤੇ 70 ਆਮ ਨਾਗਰਿਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ 2018, 2019 ਅਤੇ 2020 ’ਚ ਹੋਈ ਗੋਲਬਾਰੀ ਕਾਰਨ ਸੁਰੱਖਿਆ ਬਲਾਂ ਦੇ 364 ਜਵਾਨ ਅਤੇ 341 ਆਮ ਨਾਗਰਿਕ ਜ਼ਖ਼ਮੀ ਹੋਏ ਹਨ। ਪਿਛਲੇ ਹਫ਼ਤੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਪੂਰਬੀ ਲੱਦਾਖ ’ਚ ਜਾਰੀ ਸਰਹੱਦੀ ਤਣਾਅ ਉਸ ਸਮੇਂ ਘੱਟ ਗਿਆ ਸੀ ਜਦੋਂ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਪਿਛਾਂਹ ਹਟ ਗਈਆਂ ਸਨ।
-ਪੀਟੀਆਈ

ਜੰਮੂ-ਕਸ਼ਮੀਰ ਦੀਆਂ ਪਾਰਟੀਆਂ ਵੱਲੋਂ ਸਮਝੌਤੇ ਦਾ ਸਵਾਗਤ

ਸ੍ਰੀਨਗਰ: ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਵੱਲੋਂ ਗੋਲੀਬੰਦੀ ਸਬੰਧੀ ਕੀਤੇ ਗਏ ਸਮਝੌਤੇ ਦਾ ਨੈਸ਼ਨਲ ਕਾਨਫਰੰਸ, ਪੀਡੀਪੀ, ਹੁਰੀਅਤ ਕਾਨਫਰੰਸ ਅਤੇ ਹੋਰਾਂ ਨੇ ਸਵਾਗਤ ਕੀਤਾ ਹੈ। ਨੈਸ਼ਨਲ ਕਾਨਫਰੰਸ ਨੇ ਬਿਆਨ ’ਚ ਕਿਹਾ ਕਿ ਇਹ ਸਮਝੌਤਾ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਖਾਵਾਂ ਜੀਵਨ ਜਿਊਣ ’ਚ ਸਹਾਇਤਾ ਕਰੇਗਾ ਅਤੇ ਉਨ੍ਹਾਂ ਨੂੰ ਆਪਣੀ ਜਾਨ ਦਾ ਖੌਅ ਨਹੀਂ ਰਹੇਗਾ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਕੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਵਾਰਤਾ ਹੀ ਖ਼ਿੱਤੇ ’ਚ ਸ਼ਾਂਤੀ ਬਣਾ ਕੇ ਰੱਖਣ ਦਾ ਇਕੋ ਇਕ ਰਾਹ ਹੈ। ਹੁਰੀਅਤ ਕਾਨਫਰੰਸ ਦੇ ਨਰਮ ਧੜੇ ਨੇ ਵੀ ਦੋਵੇਂ ਮੁਲਕਾਂ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਸਹੀ ਦਿਸ਼ਾ ਵੱਲ ਕਦਮ ਹੈ ਅਤੇ ਇਹ ਲੋਕਾਂ ਨੂੰ ਵੱਡੀ ਰਾਹਤ ਦੇਵੇਗਾ। ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਹੇਠਲੇ ਧੜੇ ਨੇ ਕਿਹਾ ਕਿ ਸਮਝੌਤੇ ਨਾਲ ਖੂਨ-ਖ਼ਰਾਬਾ ਦਾ ਵੀ ਖ਼ਾਤਮ ਹੋਵੇਗਾ।
-ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All