* ਸੀਟਾਂ ਦੀ ਵੰਡ ਲਈ ਕਮੇਟੀਆਂ ਦੇ ਐਲਾਨ ਦੀ ਸੰਭਾਵਨਾ
* ਗੱਠਜੋੜ ’ਚ ਕੁਝ ਖੇਤਰੀ ਪਾਰਟੀਆਂ ਵੀ ਹੋ ਸਕਦੀਆਂ ਹਨ ਸ਼ਾਮਲ
ਮੁੰਬਈ, 30 ਅਗਸਤ
ਇੰਡੀਆ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ) ਗੱਠਜੋੜ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਦੇ ਆਗੂ ਮੁੰਬਈ ਵਿੱਚ ਵੀਰਵਾਰ ਤੋਂ ਸ਼ੁਰੂ ਹੋ ਰਹੀ ਦੋ ਰੋਜ਼ਾ ਮੀਟਿੰਗ ਵਿੱਚ ਅਗਾਮੀ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੇ ਟਾਕਰੇ ਲਈ ਸਾਂਝੀ ਰਣਨੀਤੀ ’ਤੇ ਵਿਚਾਰ ਚਰਚਾ ਕਰਨਗੇ। ਗੱਠਜੋੜ ਵੱਲੋਂ ਤਾਲਮੇਲ ਕਮੇਟੀ ਤੇ ‘ਕਨਵੀਨਰ’ ਸਣੇ ਹੋਰਨਾਂ ਅਹੁਦਿਆਂ ਬਾਰੇ ਨਾਵਾਂ ’ਤੇ ਵਟਾਂਦਰਾ ਕੀਤਾ ਜਾਵੇਗਾ। ਪਾਰਟੀਆਂ ਦੇ ਆਗੂ ਇਕ ਦੂਜੇ ਨਾਲ ਵੱਖਰੇਵਿਆਂ ਨੂੰ ਵੀ ਸੁਲਝਾਉਣਗੇ। ਉਂਜ ਬੈਠਕ ਦੌਰਾਨ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦਾ ਖਰੜਾ ਤਿਆਰ ਕਰਨ, ਦੇਸ਼ ਭਰ ਵਿਚ ਅੰਦੋਲਨ ਕਰਨ ਲਈ ਸਾਂਝੀਆਂ ਯੋਜਨਾਵਾਂ ਘੜਨ ਤੇ ਸੀਟਾਂ ਦੀ ਵੰਡ ਲਈ ਕੁਝ ਕਮੇਟੀਆਂ ਦਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਅਜਿਹੀਆਂ ਅਟਕਲਾਂ ਹਨ ਕਿ ਮੁੰਬਈ ਵਿਚ 26 ਵਿਰੋਧੀ ਪਾਰਟੀਆਂ ਦੇ ਗੱਠਜੋੜ ਵਿਚ ਕੁਝ ਹੋਰ ਖੇਤਰੀ ਪਾਰਟੀਆਂ ਸ਼ਾਮਲ ਹੋ ਸਕਦੀਆਂ ਹਨ। ਪਟਨਾ ਤੇ ਬੰਗਲੂਰੂ ਮਗਰੋਂ ਗੱਠਜੋੜ ਦੀ ਇਹ ਤੀਜੀ ਮੀਟਿੰਗ ਹੈ।

ਇਸ ਦੌਰਾਨ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਅੱਜ ਕਿਹਾ ਕਿ ‘ਇੰਡੀਆ’ ਦੀ 31 ਅਗਸਤ ਤੇ 1 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ 28 ਸਿਆਸੀ ਪਾਰਟੀਆਂ ਦੇ 63 ਨੁਮਾਇੰਦੇ ਸ਼ਾਮਲ ਹੋਣਗੇ। ਪਵਾਰ ਨੇ ਸਾਫ਼ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੱਠਜੋੜ ’ਚ ਸ਼ਾਮਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਭਰੋਸਾ ਜ਼ਾਹਿਰ ਕੀਤਾ ਕਿ ਵਿਰੋਧੀ ਪਾਰਟੀਆਂ ਦਾ ਗੱਠਜੋੜ ਸਿਆਸੀ ਤਬਦੀਲੀ ਲਈ ਮਜ਼ਬੂਤ ਬਦਲ ਪ੍ਰਦਾਨ ਕਰੇਗਾ। ਉਨ੍ਹਾਂ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ’ਚ ਸ਼ਾਮਲ ਹੋਏ ਆਪਣੇ ਭਤੀਜੇ ਅਜੀਤ ਪਵਾਰ ਦੇ ਹਵਾਲੇ ਨਾਲ ਕਿਹਾ ਕਿ ‘ਲੋਕ ਪਾਰਟੀ ਛੱਡ ਕੇ ਜਾਣ ਵਾਲਿਆਂ ਨੂੰ ਸਬਕ ਸਿਖਾਉਣਗੇ।’ ਬਸਪਾ ਮੁਖੀ ਮਾਇਆਵਤੀ ਨੂੰ ‘ਇੰਡੀਆ’ ਵਿਚ ਸ਼ਾਮਲ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪਵਾਰ ਨੇ ਕਿਹਾ, ‘‘ਅਜੇ ਇਹ ਨਹੀਂ ਪਤਾ ਕਿ ਉਹ (ਮਾਇਆਵਤੀ) ਕਿਸ ਪਾਸੇ ਹੈ। ਪਹਿਲਾਂ ਉਸ ਨੇ ਭਾਜਪਾ ਨਾਲ ਗੱਲਬਾਤ ਕੀਤੀ ਸੀ।’’ ਉਧਰ ਸਾਬਕਾ ਮੁੱਖ ਮੰਤਰੀ ਤੇ ਸ਼ਿਵ ਸੈਨਾ(ਯੂਬੀਟੀ) ਆਗੂ ਊਧਵ ਠਾਕਰੇ ਨੇ ਕਿਹਾ ਕਿ ਵੱਖ-ਵੱਖ ਵਿਚਾਰਧਾਰਾਵਾਂ ਨਾਲ ਸਬੰਧਤ ਵਿਰੋਧੀ ਪਾਰਟੀਆਂ ਦੇ ਗੱਠਜੋੜ ਦਾ ਸਾਂਝਾ ਉਦੇਸ਼ ਜਮਹੂਰੀਅਤ ਨੂੰ ਬਚਾਉਣਾ ਹੈ। ‘ਇੰਡੀਆ’ ਗੱਠਜੋੜ ਦੇ ਪ੍ਰਧਾਨ ਮੰਤਰੀ ਚਿਹਰੇ ਬਾਰੇ ਠਾਕਰੇ ਨੇ ਕਿਹਾ, ‘‘ਸਾਡੇ ਕੋਲ ਪ੍ਰਧਾਨ ਮੰਤਰੀ ਉਮੀਦਵਾਰਾਂ ਲਈ ਕਈ ਬਦਲ ਹਨ। ਪਰ ਭਾਜਪਾ ਕੋਲ ਸਿਵਾਏ ਇਕ ਬਦਲ ਦੇ ਕੀ ਹੈ।’’ -ਪੀਟੀਆਈ
ਲੋਕਾਂ ਨੂੰ ‘ਇੰਡੀਆ’ ਤੋਂ ਵੱਡੀਆਂ ਉਮੀਦਾਂ: ਡੀ. ਰਾਜਾ
ਮੁੰਬਈ: ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਅੱਜ ਇੱਥੇ ਦਾਅਵਾ ਕੀਤਾ ਕਿ ‘ਇੰਡੀਆ’ ਗੱਠਜੋੜ ਦੀ ਭਲਕੇ ਹੋਣ ਵਾਲੀ ਤੀਜੀ ਬੈਠਕ ਤੋਂ ਦੇਸ਼ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਰਾਜਾ ਨੇ ਕਿਹਾ ਕਿ ਲੋਕ ਦੋ ਰੋਜ਼ਾ ਮੀਟਿੰਗ ਦੇ ਸਿੱਟਿਆਂ ਨੂੰ ਲੈ ਕੇ ਉਤਸਕ ਹਨ। ਉਨ੍ਹਾਂ ਕਿਹਾ, ‘‘ਭਾਜਪਾ ਸਰਕਾਰ ਤਬਾਹਕੁਨ ਸਾਬਤ ਹੋਈ ਹੈ। ਜੇਕਰ ਦੇਸ਼, ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਹੋਵੇਗਾ। ਲੋਕ ਇਸੇ ਗੱਲ ਦੀ ਉਮੀਦ ਕਰ ਰਹੇ ਹਨ। ਮੁੰਬਈ ਮੀਟਿੰਗ ਬੰਗਲੂਰੂ ਤੋਂ ਅਗਲੀ ਪੇਸ਼ਕਦਮੀ ਸਾਬਿਤ ਹੋਣੀ ਚਾਹੀਦੀ ਹੈ ਕਿਉਂਕਿ ਬੰਗਲੂਰੂ ਦੀ ਮੀਟਿੰਗ ਬਿਹਾਰ ਤੋਂ ਪੁੱਟਿਆ ਅਗਲੇਰਾ ਕਦਮ ਸੀ।’’ -ਪੀਟੀਆਈ
ਕੇਜਰੀਵਾਲ ਨੂੰ ਪੀਐੱਮ ਉਮੀਦਵਾਰ ਬਣਾਉਣ ਦੀ ਵਕਾਲਤ
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਦੀ ਮੁੰਬਈ ਵਿਚ ਅਹਿਮ ਮੀਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ(ਆਪ) ਆਗੂ ਪ੍ਰਿਯੰਕਾ ਕੱਕੜ ਨੇ ਅੱਜ ‘ਇੰਡੀਆ’ ਗੱਠਜੋੜ ਦੇ ਪੀਐੱਮ ਅਹੁਦੇ ਦੇ ਉਮੀਦਵਾਰ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਮ ਦੀ ਵਕਾਲਤ ਕੀਤੀ ਹੈ। ਕੱਕੜ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਜਿਹਾ ਮਾਡਲ ਦਿੱਤਾ ਹੈ, ਜਿਸ ਦਾ ਪੂਰੇ ਦੇਸ਼ ਨੂੰ ਲਾਭ ਹੋ ਸਕਦਾ ਹੈ। ਹਾਲਾਂਕਿ ਕੁਝ ਘੰਟਿਆਂ ਮਗਰੋਂ ਦਿੱਲੀ ਸਰਕਾਰ ’ਚ ਕੈਬਨਿਟ ਮੰਤਰੀ ਆਤਿਸ਼ੀ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਕੇਜਰੀਵਾਲ ਇਸ ਦੌੜ ਵਿੱਚ ਸ਼ਾਮਲ ਨਹੀਂ ਹਨ। -ਪੀਟੀਆਈ