ਭਾਰਤ-ਜਮਾਇਕਾ ਵਪਾਰ ਵਧਾਉਣ ਲਈ ਸਹਿਮਤ: ਜੈਸ਼ੰਕਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਜਮਾਇਕਾ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਿਹਤ ਕਰਮੀਆਂ ਤੇ ਅਧਿਆਪਕਾਂ ਸਮੇਤ ਹੁਨਰਮੰਦ ਪੇਸ਼ੇਵਰਾਂ ਦੀ ਭਰਤੀ ਅਤੇ ਗਤੀਸ਼ੀਲਤਾ ਲਈ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਹਿਮਤ ਹੋਏ ਹਨ। ਜਮਾਇਕਾ ਦੀ ਆਪਣੀ...
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਜਮਾਇਕਾ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਿਹਤ ਕਰਮੀਆਂ ਤੇ ਅਧਿਆਪਕਾਂ ਸਮੇਤ ਹੁਨਰਮੰਦ ਪੇਸ਼ੇਵਰਾਂ ਦੀ ਭਰਤੀ ਅਤੇ ਗਤੀਸ਼ੀਲਤਾ ਲਈ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਹਿਮਤ ਹੋਏ ਹਨ। ਜਮਾਇਕਾ ਦੀ ਆਪਣੀ ਹਮਰੁਤਬਾ ਕੈਮਿਨਾ ਜੇ ਸਮਿਥ ਨਾਲ ਸੋਮਵਾਰ ਨੂੰ ਹੋਈ ਗੱਲਬਾਤ ਮਗਰੋਂ ਇਥੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਗੱਲਬਾਤ ਵਿਆਪਕ ਸੀ ਅਤੇ ਇਸ ਵਿੱਚ ਦੁਵੱਲੇ ਸਬੰਧਾਂ ਦੇ ਹਰ ਖੇਤਰ ਦੀ ਸਮੀਖਿਆ ਕੀਤੀ ਗਈ ਅਤੇ ਭਾਈਵਾਲੀ ਵਧਾਉਣ ਬਾਰੇ ਵੀ ਚਰਚਾ ਹੋਈ। ਉਨ੍ਹਾਂ ਕਿਹਾ, ‘‘ਅਸੀਂ ਕਈ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ ਅਤੇ ਡਿਜੀਟਲ ਤਬਦੀਲੀ, ਸਭਿਆਚਾਰਕ ਮਿਲਵਰਤਣ, ਖੇਡ ਅਤੇ ਡਿਜੀਟਲ ਅਦਾਇਗੀਆਂ ਦੇ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਸਮਝੌਤਿਆਂ ਨੂੰ ਅਸਰਦਾਰ ਤਰੀਕੇ ਨਾਲ ਅਮਲ ਵਿੱਚ ਲਿਆਉਣ ਦੀ ਰੂਪ-ਰੇਖਾ ’ਤੇ ਵੀ ਚਰਚਾ ਕੀਤੀ ਗਈ।’’ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵਪਾਰ ਅਤੇ ਨਿਵੇਸ਼ ਲਈ ਲੌਜਿਸਟਿਕ ਹੱਬ ਅਤੇ ਕੈਰੇਬੀਅਨ ਪ੍ਰਵੇਸ਼ ਦੁਆਰ ਵਜੋਂ ਜਮਾਇਕਾ ਦੀ ਵਧ ਰਹੀ ਭੂਮਿਕਾ ਨੂੰ ਮਾਨਤਾ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਕਾਂ ਨੇ ਰੱਖਿਆ ਅਤੇ ਸਿਹਤ ਸੰਭਾਲ, ਡਿਜਟਲੀਕਰਨ, ਖੇਤੀਬਾੜੀ, ਸਿੱਖਿਆ ਅਤੇ ਬੁਨਿਆਦੀ ਢਾਚੇ ਦੇ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਵੀ ਚਰਚਾ ਕੀਤੀ। ਵਿਕਾਸ ਲਈ ਸਹਿਯੋਗ ਨੂੰ ਅਹਿਮ ਦੱਸਦਿਆਂ ਜੈਸ਼ੰਕਰ ਨੇ ਮਾਰਚ 2026 ਵਿੱਚ ਕਿਟਸਨ ਸ਼ਹਿਰ ਵਿੱਚ ਪੇਂਡੂ ਰੁਜ਼ਗਾਰ ਸੁਧਾਰ ਯੋਜਨਾ ਦੇ ਸਫਲਤਾਪੂਰਵਕ ਪੂਰਾ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਤੂਫ਼ਾਨ, ‘ਮੇਲੀਸਾ’ ਨਾਲ ਪ੍ਰਭਾਵਿਤ ਮੁਲਕ ਨੂੰ ਮੁੜ ਪੈਰਾਂ ਸਿਰ ਕਰਨ ਸਬੰਧੀ ਆਪਣਾ ਸਮਰਥਨ ਦੁਹਰਾਇਆ। ਭਾਰਤ ਨੇ ਮਨੁੱਖੀ ਮਦਦ ਤਹਿਤ ਇਥੇ ਰਾਹਤ ਸਮੱਗਰੀ, ਮੈਡੀਕਲ ਉਪਕਰਨ ਮੁਹੱਈਆ ਕਰਵਾਏ ਹਨ ਅਤੇ ਰਾਹਤ ਕਰਜਾਂ ਲਈ 40 ਕਿਸ਼ਤੀਆਂ ਅਤੇ ਹੋਰ ਸਾਜ਼ੋ ਸਾਮਾਨ ਭੇਜ ਰਿਹਾ ਹੈ।
ਦੋਵਾਂ ਮੁਲਕਾਂ ਨੇ ਅਤਿਵਾਦ ਦੀ ਸਖ਼ਤ ਨਿਖੇਧੀ ਕੀਤੀ ਅਤੇ ਕੌਮਾਂਤਰੀ ਅਤਿਵਾਦ ਸਬੰਧੀ ਵਿਆਪਕ ਕਨਵੈਨਸ਼ਨ ਨੂੰ ਅੰਤਿਮ ਰੂਪ ਦੇਣ ਦਾ ਸੱਦਾ ਦਿੱਤਾ। ਜਮਾਇਕਾ ਸਥਿਤ ਭਾਰਤੀ ਸਫ਼ਾਰਤਖ਼ਾਨੇ ਅਨੁਸਾਰ ਇਥੇ ਲਗਪਗ 70 ਹਜ਼ਾਰ ਭਾਰਤੀ ਰਹਿੰਦੇ ਹਨ। ਜਮਾਇਕਾ ਵਿੱਚ 10 ਮਈ ਦਾ ਦਿਨ ਭਾਰਤੀ ਵਿਰਾਸਤ ਦਿਵਸ ਵਜੋਂ ਮਨਾਇਆ ਜਾਂਦਾ ਹੈ।

