ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰਾਮ ਮੰਦਿਰ, ਆਤਮਨਿਰਭਰ ਭਾਰਤ ਤੇ ਕਰੋਨਾ ਜੋਧਿਆਂ ਦਾ ਵੀ ਕੀਤਾ ਜ਼ਿਕਰ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਨਵੀਂ ਦਿੱਲੀ, 14 ਅਗਸਤ

ਚੀਨ ਨਾਲ ਜਾਰੀ ਸਰਹੱਦੀ ਵਿਵਾਦ ਦਰਮਿਆਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 74ਵੇਂ ਅਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਗੁਆਂਢੀ ਮੁਲਕ ਨੂੰ ਦਿੱਤੇ ਸਖ਼ਤ ਸੁਨੇਹੇ ’ਚ ਸਾਫ਼ ਕਰ ਦਿੱਤਾ ਕਿ ਭਾਰਤ ਅਮਨ ਵਿੱਚ ਯਕੀਨ ਰੱਖਦਾ ਹੈ, ਪਰ ਉਹ ਕਿਸੇ ਵੀ ਹਮਲਾਵਰ ਰੁਖ਼/ਹਿਮਾਕਤ ਦਾ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ‘ਆਤਮਨਿਰਭਰ’ ਪਹਿਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਦੀ ਸਵੈ-ਨਿਰਭਰਤਾ ਤੋਂ ਭਾਵ ਬਿਨਾਂ ਕੁੱਲ ਆਲਮ ਤੋਂ ਦੂਰੀ ਬਣਾਇਆਂ ਆਪਣੇ ਦਮ ’ਤੇ ਸਵੈ-ਸਮਰੱਥਾ ਨੂੰ ਵਧਾਉਣਾ ਹੈ। ਉਨ੍ਹਾਂ ਕੋਵਿਡ-19 ਮਹਾਮਾਰੀ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਡਾਕਟਰਾਂ, ਨਰਸਾਂ ਤੇ ਹੋਰਨਾਂ ਸਿਹਤ ਕਾਮਿਆਂ ਦਾ ਰਿਣੀ ਹੈ, ਜਿਨ੍ਹਾਂ ਲਗਾਤਾਰ ਮੂਹਰੇ ਹੋ ਕੇ ਇਸ ਮਹਾਮਾਰੀ ਖ਼ਿਲਾਫ਼ ਜੰਗ ਲੜੀ ਹੈ। ਉਨ੍ਹਾਂ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਸਮੇਂ ਸਿਰ ਤੇ ਅਸਰਦਾਰ ਤਰੀਕੇ ਨਾਲ ਕੀਤੇ ਟਾਕਰੇ ਲਈ ਮੋਦੀ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਆਲਮੀ ਭਾਈਚਾਰੇ ਨੂੰ ਮਨੁੱਖਤਾ ਨੂੰ ਦਰਪੇਸ਼ ਕੋਵਿਡ-19 ਨਾਂ ਦੀ ਇਸ ਸਭ ਤੋਂ ਵੱਡੀ ਚੁਣੌਤੀ ਨਾਲ ਜਦੋਂ ਮਿਲ ਕੇ ਲੜਨ ਦੀ ਲੋੜ ਹੈ ਤਾਂ ਅਜਿਹੇ ਮੌਕੇ ਸਾਡੇ ਕੁਝ ਗੁਆਂਢੀ ਆਪਣੀਆਂ ਸਰਹੱਦਾਂ ਵਧਾਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਸਰਹੱਦਾਂ ’ਤੇ ਜਾਨਾਂ ਵਾਰਨ ਵਾਲੇ ਬਹਾਦਰ ਫੌਜੀ ਜਵਾਨਾਂ ਨੂੰ ਸਲਾਮ ਕੀਤਾ। ਰਾਸ਼ਟਰਪਤੀ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਨੂੰ ਸਾਰਿਆਂ ਲਈ ਗੌਰਵ ਦਾ ਪਲ ਦੱਸਿਆ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All