ਜੰਮੂ, 24 ਜੁਲਾਈ
ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਾਂ ਵਿਚਕਾਰ ਸੈਕਟਰ ਕਮਾਂਡਰ ਪੱਧਰੀ ਮੀਟਿੰਗ ਦੌਰਾਨ ਭਾਰਤ ਨੇ ਜੰਮੂ ਖ਼ਿੱਤੇ ’ਚ ਡਰੋਨ ਸਰਗਰਮੀਆਂ ਲਈ ਪਾਕਿਸਤਾਨੀ ਅਧਿਕਾਰੀਆਂ ਕੋਲ ਤਿੱਖਾ ਰੋਸ ਜਤਾਇਆ ਹੈ। ਇਹ ਮੀਟਿੰਗ ਪਾਕਿਸਤਾਨੀ ਰੇਂਜਰਸ ਦੀ ਬੇਨਤੀ ’ਤੇ ਸੁਚੇਤਗੜ੍ਹ ਇਲਾਕੇ ’ਚ ਕੌਮਾਂਤਰੀ ਸਰਹੱਦ ’ਤੇ ਹੋਈ। ਬੀਐੱਸਐੱਫ ਦੇ ਤਰਜਮਾਨ ਨੇ ਕਿਹਾ ਕਿ ਕਾਰਵਾਈ ਸਬੰਧੀ ਮਾਮਲਿਆਂ ਨੂੰ ਸੁਲਝਾਉਣ ਲਈ ਲੋੜ ਪੈਣ ’ਤੇ ਫੀਲਡ ਕਮਾਂਡਰਾਂ ਵਿਚਕਾਰ ਫੌਰੀ ਸੰਪਰਕ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਦੋਵੇਂ ਮੁਲਕਾਂ ਦੇ ਸਰਹੱਦੀ ਸੁਰੱਖਿਆ ਬਲਾਂ ਦੇ ਕਮਾਂਡਰਾਂ ਨੇ ਵੱਖ ਵੱਖ ਮੁੱਦੇ ਵਿਚਾਰੇ। ਬੀਐੱਸਐੱਫ ਦੇ ਵਫ਼ਦ ਨੇ ਪਾਕਿਸਤਾਨੀ ਡਰੋਨ ਅਤੇ ਦਹਿਸ਼ਤੀ ਸਰਗਰਮੀਆਂ ਸਮੇਤ ਸਰਹੱਦ ਪਾਰੋਂ ਸੁਰੰਗਾਂ ਪੁੱਟਣ ਅਤੇ ਹੋਰ ਸਬੰਧਤ ਮੁੱਦਿਆਂ ਨੂੰ ਉਠਾਇਆ। ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਕੌਮਾਂਤਰੀ ਸਰਹੱਦ ’ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਵੀ ਪ੍ਰਗਟਾਈ। ਤਰਜਮਾਨ ਨੇ ਕਿਹਾ ਕਿ ਡੀਜੀਐੱਮਓਜ਼ ਵੱਲੋਂ ਫਰਵਰੀ ’ਚ ਗੋਲੀਬੰਦੀ ਸਮਝੌਤੇ ਦੇ ਐਲਾਨ ਮਗਰੋਂ ਇਹ ਸੈਕਟਰ ਕਮਾਂਡਰ ਪੱਧਰੀ ਪਹਿਲੀ ਬੈਠਕ ਸੀ। ਉਨ੍ਹਾਂ ਕਿਹਾ ਕਿ ਬੈਠਕ ਸੁਖਾਵੇਂ, ਹਾਂ-ਪੱਖੀ ਅਤੇ ਉਸਾਰੂ ਮਾਹੌਲ ’ਚ ਹੋਈ ਅਤੇ ਦੋਵੇਂ ਧਿਰਾਂ ਨੇ ਡੀਜੀ ਪੱਧਰ ਦੀ ਵਾਰਤਾ ਦੌਰਾਨ ਲਏ ਗਏ ਫ਼ੈਸਲਿਆਂ ਨੂੰ ਤੇਜ਼ੀ ਨਾਲ ਲਾਗੂ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। -ਪੀਟੀਆਈ