ਮਿਸਾਮਾਰੀ (ਤੇਜ਼ਪੁਰ), 17 ਅਕਤੂਬਰ
ਭਾਰਤ ਨੇ ਚੀਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਗਲਤ ਗਤੀਵਿਧੀਆਂ ਤੋਂ ਨਜਿੱਠਣ ਦੀ ਸਮੁੱਚੀ ਫ਼ੌਜੀ ਤਿਆਰੀ ਨੂੰ ਬਲ ਦੇਣ ਦੀ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਰਿਮੋਟ ਨਾਲ ਚੱਲਣ ਵਾਲੇ ਡਰੋਨਾਂ ਅਤੇ ਹੋਰ ਵਸੀਲਿਆਂ ਰਾਹੀਂ ਅਰੁਣਾਚਲ ਪ੍ਰਦੇਸ਼ ਖੇਤਰ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਦਿਨ-ਰਾਤ ਨਿਗਰਾਨੀ ਵਧਾ ਦਿਤੀ ਹੈ। ਇਹ ਜਾਣਕਾਰੀ ਅੱਜ ਇਸ ਕਾਰਵਾਈ ਨਾਲ ਜਾਣੂ ਲੋਕਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਜ਼ਰਾਇਲ ਦੇ ਬਣੇ ਹੋਏ ਮੱਧਮ ਉਚਾਈ ’ਤੇ ਉੱਡਣ ਵਾਲੇ ਡਰੋਨਾਂ ਰਾਹੀਂ ਇਸ ਪਹਾੜੀ ਖੇਤਰ ਵਿਚ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਮਹੱਤਵਪੂਰਨ ਅੰਕੜੇ ਤੇ ਤਸਵੀਰਾਂ ਕਮਾਂਡ ਅਤੇ ਕੰਟਰੋਲ ਸੈਂਟਰਾਂ ਨੂੰ ਭੇਜੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਭਾਰਤੀ ਫ਼ੌਜ ਦੇ ਹਵਾਬਾਜ਼ੀ ਵਿੰਗ ਨੇ ਐਡਵਾਂਸ ਲਾਈਟ ਹੈਲੀਕਾਪਟਰ ਰੁੱਦਰਾ ਦੇ ਇਕ ਰੂਪ ਵੈਪਨ ਸਿਸਟਮ ਇੰਟੈਗ੍ਰੇਟਿਡ ਵੀ ਖੇਤਰ ਵਿਚ ਤਾਇਨਾਤ ਕੀਤੇ ਹਨ। -ਪੀਟੀਆਈ