Trump ਕਰ ਕੇ ਭਾਰਤ ਨੇ ਸਾਂਝੀ ਪ੍ਰੈੱਸ ਵਾਰਤਾ ਨਹੀਂ ਕੀਤੀ
ਅਮਰੀਕੀ ਰਾਜਦੂਤ Sergio Gor ਦੇ ਬਿਆਨ ’ਤੇ ਸਪੱਸ਼ਟੀਕਰਨ ਦਿੱਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਵਿਦੇਸ਼ੀ ਨੇਤਾਵਾਂ ਪ੍ਰਤੀ ‘ਅਣਕਿਆਸੇ ਵਿਹਾਰ’ ਨੇ ਭਾਰਤੀ ਧਿਰ ਨੂੰ ਸਾਵਧਾਨੀ ਵਾਲਾ ਤਰੀਕਾ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਜੂਨ ਵਿੱਚ ਫਰਾਂਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਆਗੂ ਵਿਚਕਾਰ ਹੋਈਆਂ ਗੱਲਬਾਤਾਂ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਨਾ ਕਰਨ ਨੂੰ ਤਰਜੀਹ ਦਿੱਤੀ ਗਈ ਸੀ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ।
ਇਹ ਸਪੱਸ਼ਟੀਕਰਨ ਅਮਰੀਕੀ ਰਾਜਦੂਤ ਸਰਜੀਓ ਗੋਰ ਦੇ ਉਸ ਜਨਤਕ ਬਿਆਨ ਦੇ ਜਵਾਬ ਵਿੱਚ ਆਇਆ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਨਵੀਂ ਦਿੱਲੀ ਨੇ ਮੋਦੀ-ਟਰੰਪ ਮੀਟਿੰਗ ਤੋਂ ਪਹਿਲਾਂ ਅਮਰੀਕੀ ਧਿਰ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਸਾਂਝੀ ਪ੍ਰੈੱਸ ਬ੍ਰੀਫਿੰਗ ਨਾ ਕਰਨ ਨੂੰ ਤਰਜੀਹ ਦਿੰਦੇ ਹਨ। ਸੂਤਰਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੇਤਾਵਾਂ ਦੇ ਜਨਤਕ ਤੌਰ ’ਤੇ ਸਾਹਮਣੇ ਆਉਣ ਬਾਰੇ ਚਰਚਾ ਮਿਆਰੀ ਪ੍ਰੋਟੋਕੋਲ ਅਤੇ ਆਮ ਕੂਟਨੀਤਕ ਅਭਿਆਸ ਦਾ ਹਿੱਸਾ ਹਨ। ਮੋਦੀ ਅਤੇ ਟਰੰਪ ਨੇ 17 ਜੂਨ ਨੂੰ ਜੀ-7 ਸਿਖਰ ਸੰਮੇਲਨ ਮੌਕੇ ਏਵੀਅਨ-ਲੇਸ-ਬੈਂਸ ਵਿੱਚ ਦੁਵੱਲੀ ਗੱਲਬਾਤ ਕੀਤੀ ਸੀ। ਇਸ ਮੀਟਿੰਗ ਨੂੰ ਦੁਵੱਲੇ ਸਬੰਧਾਂ ਨੂੰ ਸੁਧਾਰਨ ਵੱਲ ਵੱਡੇ ਕਦਮ ਵਜੋਂ ਦੇਖਿਆ ਗਿਆ ਸੀ, ਜੋ ਪਿਛਲੇ ਸਾਲ ਦੌਰਾਨ ਗੰਭੀਰ ਤਣਾਅ ਹੇਠ ਰਹੇ ਸਨ। ਇਹ ਨਵਾਂ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੋਵੇਂ ਧਿਰਾਂ ਦਰਮਿਆਨ ਕੁੱਲ ਮਿਲਾ ਕੇ ਰਿਸ਼ਤਿਆਂ ’ਚ ਨੇੜਤਾ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਦੁਵੱਲਾ ਵਪਾਰ ਸਮਝੌਤਾ ਵੀ ਅੱਧ-ਵਿਚਾਲੇ ਲਟਕ ਰਿਹਾ ਹੈ।
ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਵਫ਼ਦ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਦੇ ਸਮੇਂ ਉਨ੍ਹਾਂ ਦੇ ‘ਅਣਕਿਆਸੇ ਵਤੀਰੇ’ ਬਾਰੇ ਸੁਚੇਤ ਰਹਿੰਦੇ ਹਨ, ਜਿਵੇਂ ਕਿ ਦੱਖਣੀ ਅਫਰੀਕਾ ਅਤੇ ਯੂਕਰੇਨ ਦੇ ਰਾਸ਼ਟਰਪਤੀਆਂ ਨਾਲ ਉਨ੍ਹਾਂ ਦੀਆਂ ਗੱਲਬਾਤ ਦੌਰਾਨ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਇਸ ਕਰਕੇ ਭਾਰਤ ਵੱਲੋਂ ਸਾਵਧਾਨੀ ਵਾਲਾ ਤਰੀਕਾ ਅਪਣਾਇਆ ਗਿਆ ਸੀ।

