India-China Relations: ਅਸਲ ਕੰਟਰੋਲ ਰੇਖਾ ਦਾ ਸਥਿਰ ਹੋਣਾ ਜ਼ਰੂਰੀ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਆਮ ਵਰਗੇ ਬਣਾਉਣ ਲਈ ਅਸਲ ਕੰਟਰੋਲ ਰੇਖਾ ਦਾ ਸਥਿਰ ਹੋਣਾ ਜ਼ਰੂਰੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਆਮ ਵਰਗੇ ਬਣਾਉਣ ਲਈ ਅਸਲ ਕੰਟਰੋਲ ਰੇਖਾ ਦਾ ਸਥਿਰ ਹੋਣਾ ਜ਼ਰੂਰੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਦੇ ਮਾੜੇ ਨਤੀਜੇ ਨਿਕਲਣਗੇ। ਜੈਸ਼ੰਕਰ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਦੇ ਪਸਾਰ ਨੂੰ ਵੀ ਸਰਹੱਦ ’ਤੇ ਅਮਨ-ਸ਼ਾਂਤੀ ਨਾਲ ਜੋੜਿਆ।
ਉਨ੍ਹਾਂ ਕਿਹਾ, ‘‘ਅਸੀਂ ਚੀਨੀਆਂ ਨੂੰ ਇਹੀ ਗੱਲ ਸਮਝਾਉਂਦੇ ਹਾਂ ਕਿ ਜੇ ਤੁਸੀਂ ਆਮ ਰਿਸ਼ਤੇ ਚਾਹੁੰਦੇ ਹੋ, ਜੇ ਬਾਕੀ ਦੇ ਸਬੰਧਾਂ ਨੂੰ ਅੱਗੇ ਵਧਾਉਣਾ ਹੈ, ਤਾਂ ਇਹ ਸਾਧਾਰਨ ਸਮਝ ਦੀ ਗੱਲ ਹੈ। ਇਹ ਬਿਲਕੁਲ ਸਪੱਸ਼ਟ ਹੈ ਕਿ ਸਰਹੱਦ ਸਥਿਰ ਹੋਣੀ ਚਾਹੀਦੀ ਹੈ ਅਤੇ ਸਾਨੂੰ ਸਰਹੱਦੀ ਖੇਤਰਾਂ ਵਿੱਚ ਅਮਨ-ਸ਼ਾਂਤੀ ਦੀ ਲੋੜ ਹੈ।’’ ਮੰਗਲਵਾਰ ਸ਼ਾਮ ਨੂੰ ਬਲੂਮਬਰਗ ਨਿਊ ਇਕੌਨਮੀ ਫੋਰਮ ਵਿੱਚ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ 2024 ਤੋਂ ਬਾਅਦ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਕਾਫ਼ੀ ਹੱਦ ਤੱਕ ਸੁਧਰ ਗਈ ਹੈ ਅਤੇ ਰਿਸ਼ਤੇ ਹੌਲੀ-ਹੌਲੀ ਆਮ ਹਾਲਾਤ ਵੱਲ ਵਧ ਰਹੇ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਸਰਹੱਦੀ ਮਸਲੇ ’ਤੇ ਕਿਸੇ ਸ਼ੁਰੂਆਤੀ ਸਮਝੌਤੇ ਦੀ ਸੂਰਤ ਵਿੱਚ ਭਾਰਤ ਦੇਸ਼ ਵਿੱਚ ਹੋਰ ਚੀਨੀ ਨਿਵੇਸ਼ ਦੀ ਇਜਾਜ਼ਤ ਦੇਵੇਗਾ, ਜੈਸ਼ੰਕਰ ਨੇ ਕਿਹਾ ਕਿ ਵੱਖ-ਵੱਖ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਹੁਣ ਉਨ੍ਹਾਂ ਸੰਭਾਵਨਾਵਾਂ ਨੂੰ ਦੇਖ ਰਹੇ ਹਾਂ ਅਤੇ ਸਾਨੂੰ ਦੇਖਣਾ ਪਵੇਗਾ ਕਿ ਅਸੀਂ ਕਿੱਥੇ ਪਹੁੰਚਦੇ ਹਾਂ ਪਰ ਅਸੀਂ ਇਹ ਜ਼ਿੱਦ ਨਹੀਂ ਕਰ ਰਹੇ ਕਿ ਕਾਰੋਬਾਰ ਕਰਨ ਲਈ ਪਹਿਲਾਂ ਸਰਹੱਦੀ ਵਿਵਾਦ ਨੂੰ ਹੱਲ ਕਰਨਾ ਹੀ ਪਵੇਗਾ।’’
ਚੀਨ ਨਾਲ ਰਿਸ਼ਤੇ ਸੁਧਾਰਨ ਲਈ ਕੰਮ ਕਰ ਰਿਹੈ ਭਾਰਤ: ਗੋਇਲ
ਨਵੀਂ ਦਿੱਲੀ: ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ, ਚੀਨ ਨਾਲ ਆਪਣੇ ਰਿਸ਼ਤੇ ਸੁਧਾਰਨ ਲਈ ਕੰਮ ਕਰ ਰਿਹਾ ਹੈ ਪਰ ਇਸ ਸਫ਼ਰ ਬਾਰੇ ਅਜੇ ਅੰਤਿਮ ਸ਼ਬਦ ਨਹੀਂ ਲਿਖੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਹੀ ਸ਼ਰਤਾਂ ਤਹਿਤ ਕੋਈ ਸਮਝੌਤਾ ਹੁੰਦਾ ਹੈ ਤਾਂ ਭਾਰਤ ਕਿਸੇ ਵੀ ਦੇਸ਼ ਨਾਲ ਸਾਂਝੇ ਉੱਦਮ ਲਈ ਤਿਆਰ ਹੈ। ਬਲੂਮਬਰਗ ਨਿਊ ਇਕੌਨਮੀ ਫੋਰਮ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ, ‘‘ਅਸੀਂ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਕੰਮ ਕਰਨ ਲਈ ਤਿਆਰ ਹਾਂ, ਬਸ਼ਰਤੇ ਸਾਨੂੰ ਵਾਜਬ ਸ਼ਰਤਾਂ ’ਤੇ ਸਮਝੌਤਾ ਮਿਲੇ, ਆਪਸੀ ਸੰਪਰਕ ਤੇ ਸਹਿਯੋਗ ਵਿੱਚ ਨਿਰੰਤਰਤਾ ਬਣੀ ਰਹੇ ਅਤੇ ਭੂ-ਸਿਆਸੀ ਸਥਿਤੀ ਖ਼ਰਾਬ ਨਾ ਹੋਵੇ। ਮੈਨੂੰ ਲੱਗਦਾ ਹੈ ਕਿ ਅਤੀਤ ਵਿੱਚ ਸਾਡੀਆਂ ਕੁਝ ਚਿੰਤਾਵਾਂ ਸਨ। ਅਸੀਂ ਚੀਨ ਦੇ ਨਾਲ ਇਕ ਵਾਰ ਮੁੜ ਸਬੰਧ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ ਪਰ ਇਸ ਯਾਤਰਾ ਦਾ ਅੰਤਿਮ ਪੜਾਅ ਅਜੇ ਤੈਅ ਨਹੀਂ ਹੋਇਆ।’’ -ਪੀਟੀਆਈ
‘ਭਾਰਤ-ਅਮਰੀਕਾ ਵਪਾਰਕ ਸਮਝੌਤੇ ’ਤੇ ਗੱਲਬਾਤ ਜਾਰੀ’
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਤਜਵੀਜ਼ਤ ਵਪਾਰਕ ਸਮਝੌਤੇ ’ਤੇ ਆਪਣੇ ਮਤਭੇਦਾਂ ਨੂੰ ਦੂਰ ਕਰਨ ਲਈ ਲਗਾਤਾਰ ਗੱਲਬਾਤ ਕਰ ਰਹੇ ਹਨ ਅਤੇ ਗੱਲਬਾਤ ਫ਼ੈਸਲਾਕੁਨ ਮੋੜ ਵੱਲ ਵਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਦੀ ਮੂਲ ਬੁਨਿਆਦ ਵਿੱਚ ਕੋਈ ਤਬਦੀਲੀ ਨਹੀਂ ਹੋਈ। -ਪੀਟੀਆਈ

