india-china conflict: ਗਲਵਾਨ ਝੜਪ: ਚੀਨ ਦਾ ਫ਼ੌਜੀ ਕਮਾਂਡਰ ਕਮਿਊਨਿਸਟ ਪਾਰਟੀ ’ਚੋਂ ਬਰਖ਼ਾਸਤ
ਦੋ ਹੋਰ ਫ਼ੌਜੀ ਕਮਾਂਡਰ ਮਿਲਟਰੀ ਕਮਿਸ਼ਨ ਤੋਂ ਹਟਾਏ
ਚੀਨ ਦੇ ਮਿਲਟਰੀ ਕਮਿਸ਼ਨ ਵਿੱਚੋਂ ਦੋ ਸਿਖਰਲੇ ਫ਼ੌਜੀ ਕਮਾਂਡਰਾਂ ਨੂੰ ਹਟਾ ਦਿੱਤਾ ਗਿਆ ਹੈ, ਜਦੋਂ ਕਿ ਵੱਖਰੇ ਫ਼ੈਸਲੇ ਤਹਿਤ ਪੇਈਚਿੰਗ ਦੇ ਭਾਰਤ ਦੇ ਸਾਹਮਣੇ ਸਥਿਤ ਪੱਛਮੀ ਥੀਏਟਰ ਕਮਾਂਡ ਦੇ ਸਾਬਕਾ ਕਮਾਂਡਰ ਜਨਰਲ ਜ਼ਾਓ ਜ਼ੋਂਗਕੀ ਨੂੰ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਹੈ। ਜਨਰਲ ਜ਼ਾਓ ਨੇ ਭਾਰਤ ਨਾਲ ਜੁੜੀਆਂ ਦੋ ਅਹਿਮ ਫ਼ੌਜੀ ਘਟਨਾਵਾਂ - 2017 ਵਿੱਚ ਡੋਕਲਾਮ ’ਚ 73 ਦਿਨਾਂ ਦੇ ਤਣਾਅ ਅਤੇ 2020 ਵਿੱਚ ਗਲਵਾਨ ’ਚ ਹਥਿਆਰਬੰਦ ਝੜਪ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਦੀ ਪੱਛਮੀ ਕਮਾਂਡ ਦੀ ਅਗਵਾਈ ਕੀਤੀ ਸੀ।
ਚੀਨ ਦੀ ਸਿਖਰਲੇ ਸਿਆਸੀ ਸਲਾਹਕਾਰ ਸੰਸਥਾ, ਚੀਨੀ ਲੋਕ ਰਾਜਨੀਤਕ ਸਲਾਹਕਾਰ ਕਾਨਫਰੰਸ (ਸੀ ਪੀ ਪੀ ਸੀ ਸੀ) ਦੀ ਕੌਮੀ ਕਮੇਟੀ ਦੀ ਸਥਾਈ ਕਮੇਟੀ ਨੇ ਪੱਛਮੀ ਥੀਏਟਰ ਕਮਾਂਡ ਦੇ ਸਾਬਕਾ ਕਮਾਂਡਰ ਜਨਰਲ ਜ਼ਾਓ ਜ਼ੋਂਗਕੀ ਨੂੰ ਉਸ ਦੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਹੈ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਨੇ ਸੀ ਪੀ ਪੀ ਸੀ ਸੀ ਦੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਇਸ ਨੇ ਜਨਰਲ ਜ਼ਾਓ ਜ਼ੋਂਗਕੀ ਨੂੰ ਸੀ ਪੀ ਪੀ ਸੀ ਸੀ ਕੌਮੀ ਕਮੇਟੀ ਦੀ ਸਥਾਈ ਕਮੇਟੀ ਦੇ ਮੈਂਬਰ ਅਤੇ ਨਸਲੀ ਤੇ ਧਾਰਮਿਕ ਮਾਮਲਿਆਂ ਬਾਰੇ ਕਮੇਟੀ ਦੇ ਵਾਈਸ ਚੇਅਰਮੈਨ ਦੇ ਅਹੁਦਿਆਂ ਤੋਂ ਹਟਾਉਣ ਦੇ ਫ਼ੈਸਲੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਸੀ ਪੀ ਪੀ ਸੀ ਸੀ ਦੀ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।’’ ਇਹ ਜਨਰਲ 2016 ਤੋਂ 2020 ਤੱਕ ਪੀ ਐੱਲ ਏ ਦੀ ਪੱਛਮੀ ਥੀਏਟਰ ਕਮਾਂਡ ਦੀ ਅਗਵਾਈ ਕਰ ਰਿਹਾ ਸੀ। 2016 ਵਿੱਚ ਪੀ ਐੱਲ ਏ ਦੇ ਸੁਧਾਰਾਂ ਤੋਂ ਬਾਅਦ ਜਦੋਂ ਇਸ ਥੀਏਟਰ ਨੂੰ ਬਣਾਇਆ ਗਿਆ ਸੀ ਤਾਂ ਜਨਰਲ ਜ਼ਾਓ ਨੂੰ ਇਸ ਦਾ ਪਹਿਲਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਅਸਲ ਕੰਟਰੋਲ ਰੇਖਾ ਵਜੋਂ ਜਾਣੀ ਜਾਂਦੀ ਪੂਰੀ ਵਿਵਾਦਤ ਭਾਰਤ-ਚੀਨ ਸਰਹੱਦ ਦੀ ਦੇਖਭਾਲ ਕੀਤੀ ਸੀ।

