India China Talks: ਭਾਰਤ-ਚੀਨ ਰਿਸ਼ਤੇ ਸੁਧਾਰਨ ਲਈ ਸਹਿਮਤ
ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਸਰਹੱਦੀ ਮਸਲੇ ’ਤੇ ਵਾਰਤਾ
India China Talks: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਿਸ਼ੇਸ਼ ਨੁਮਾਇੰਦਾ ਪੱਧਰੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਚੀਨ ਸਰਹੱਦੀ ਮਸਲੇ ਅਤੇ ਦੁਵੱਲੇ ਰਿਸ਼ਤਿਆਂ ਵਿੱਚ ਸੁਧਾਰ ਲਿਆਉਣ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਡੋਵਾਲ ਨੇ ਸਪੱਸ਼ਟ ਕੀਤਾ ਕਿ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਆਈ ਸਥਿਰਤਾ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਹੀ ਨਤੀਜਾ ਹੈ।
ਇਹ 25ਵੇਂ ਗੇੜ ਦੀ ਵਾਰਤਾ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਬਰਿਕਸ ਸੰਮੇਲਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸੰਭਾਵੀ ਫੇਰੀ ਤੋਂ ਪਹਿਲਾਂ ਹੋਈ ਹੈ। ਸ਼ੀ ਬਰਿਕਸ ਸੰਮੇਲਨ ਵਿੱਚ ਸ਼ਮੂਲੀਅਤ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖਰੇ ਤੌਰ ’ਤੇ ਵੀ ਮੁਲਾਕਾਤ ਕਰ ਸਕਦੇ ਹਨ। ਡੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਕਜ਼ਾਨ ਅਤੇ ਤਿਆਨਜਿਨ ਵਿੱਚ ਦਿੱਤੀ ਗਈ ਸਪੱਸ਼ਟ ਸੇਧ ਸਦਕਾ ਹੀ ਪਿਛਲੇ ਸਾਲ ਤੋਂ ਰਿਸ਼ਤੇ ਲਗਾਤਾਰ ਆਮ ਵਾਂਗ ਹੋ ਰਹੇ ਹਨ।
ਸਾਲ 2020 ਵਿੱਚ ਗਲਵਾਨ ਘਾਟੀ ਦੀ ਝੜਪ ਅਤੇ ਪੂਰਬੀ ਲੱਦਾਖ ਵਿੱਚ ਲੰਮਾ ਸਮਾਂ ਚੱਲੇ ਫ਼ੌਜੀ ਟਕਰਾਅ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਕਾਫ਼ੀ ਤਣਾਅ ਆ ਗਿਆ ਸੀ। ਇਸ ਦੇ ਹਵਾਲੇ ਨਾਲ ਡੋਵਾਲ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਰਹੱਦ ’ਤੇ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਥੂ ਲਾ ਦੱਰੇ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਤਿੰਨਾਂ ਰਸਤਿਆਂ ਰਾਹੀਂ ਰਵਾਇਤੀ ਸਰਹੱਦੀ ਵਪਾਰ ਦੀ ਬਹਾਲੀ ਨਾਲ ਲੋਕਾਂ ਨੂੰ ਵੱਡਾ ਫ਼ਾਇਦਾ ਹੋਇਆ ਹੈ। ਇਸ ਦਾ ਸਭ ਤੋਂ ਵੱਧ ਲਾਭ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਹੋਇਆ ਹੈ।
ਬੀਤੇ ਦਿਨ ਉਨ੍ਹਾਂ ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ਾਂਗ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਸਫ਼ਾਰਤਖ਼ਾਨੇ ਮੁਤਾਬਕ ਦੋਵਾਂ ਆਗੂਆਂ ਨੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਕਾਇਮ ਰੱਖਣ ਅਤੇ ਆਰਥਿਕ ਤੇ ਸਿਆਸੀ ਮੰਚਾਂ ’ਤੇ ਰਿਸ਼ਤੇ ਸੁਧਾਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਚੀਨੀ ਖ਼ਬਰ ਏਜੰਸੀ ਸਿਨਹੂਆ ਅਨੁਸਾਰ ਮੁਲਾਕਾਤ ਦੌਰਾਨ ਹਾਨ ਨੇ ਕਿਹਾ ਕਿ ਭਾਰਤ ਅਤੇ ਚੀਨ ਨੂੰ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਕ ਅਤੇ ਲੰਮੇ ਸਮੇਂ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ 3488 ਕਿਲੋਮੀਟਰ ਲੰਬੀ ਸਰਹੱਦ ਦੇ ਵਿਵਾਦ ਨੂੰ ਹੱਲ ਕਰਨ ਲਈ ਡੋਵਾਲ ਅਤੇ ਵਾਂਗ ਯੀ 2003 ਵਿੱਚ ਕਾਇਮ ਕੀਤੇ ਗਏ ਢਾਂਚੇ ਦੇ ਨਾਮਜ਼ਦ ਵਿਸ਼ੇਸ਼ ਪ੍ਰਤੀਨਿਧ ਹਨ। ਪਿਛਲੇ ਸਾਲ ਅਗਸਤ ਵਿੱਚ ਹੋਈ 24ਵੇਂ ਗੇੜ ਦੀ ਗੱਲਬਾਤ ਦੌਰਾਨ ਵੀ ਦੋਵਾਂ ਧਿਰਾਂ ਵਿਚਾਲੇ ਸਰਹੱਦੀ ਮੁੱਦਿਆਂ ਉੱਤੇ ਕਈ ਅਹਿਮ ਸਹਿਮਤੀਆਂ ਬਣੀਆਂ ਸਨ।
ਦੋਵਾਂ ਦੇਸ਼ਾਂ ਨੂੰ ਚੰਗੇ ਗੁਆਂਢੀ ਬਣਨ ਦੀ ਲੋੜ: ਵਾਂਗ ਯੀ
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਭਾਰਤ-ਚੀਨ ਸਬੰਧ ਹੁਣ ਦੁਵੱਲੇ ਘੇਰੇ ਤੋਂ ਬਾਹਰ ਨਿਕਲ ਕੇ ਆਲਮੀ ਅਤੇ ਰਣਨੀਤਕ ਅਹਿਮੀਅਤ ਵਾਲੇ ਬਣ ਗਏ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਆਪਸੀ ਵਿਸ਼ਵਾਸ ਵਧਾਉਣ ਅਤੇ ਅੜਿੱਕੇ ਦੂਰ ਕਰਨ ਲਈ ਦੋਵਾਂ ਦੇਸ਼ਾਂ ਨੂੰ ਚੰਗੇ ਗੁਆਂਢੀ ਅਤੇ ਭਾਈਵਾਲ ਬਣਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਇਸ ਵਾਰਤਾ ਨੂੰ ਡੂੰਘੀ ਅਤੇ ਸਪੱਸ਼ਟ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਆਪਸੀ ਗੱਲਬਾਤ ਨਾਲ ਸਰਹੱਦੀ ਮਸਲੇ ਸੁਲਝਾਉਣ ਲਈ ਕੋਈ ‘ਨਵੀਂ ਸਹਿਮਤੀ’ ਬਣੇਗੀ, ਜਿਸ ਨਾਲ ਦੁਵੱਲੇ ਰਿਸ਼ਤਿਆਂ ਨੂੰ ਨਵਾਂ ਹੁਲਾਰਾ ਮਿਲੇਗਾ।

