Gyanesh Kumar Resignation: ‘ਇੰਡੀਆ’ ਬਲਾਕ ਵੱਲੋਂ ਰਾਜਘਾਟ ਵਿਖੇ ਸ਼ਾਂਤਮਈ ਪ੍ਰਦਰਸ਼ਨ
ਗਿਆਨੇਸ਼ ਤੇ ਵੋਟ ਚੋਰੀ ਖ਼ਿਲਾਫ਼ ਮੁਜ਼ਾਹਰੇ ਜਾਰੀ ਰੱਖਣ ਦਾ ਅਹਿਦ; ਭਾਜਪਾ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਨੂੰ ‘ਸਦਬੁੱਧੀ’ ਦੇਣ ਦੀ ਪ੍ਰਾਰਥਨਾ; ਰਾਸ਼ਟਰਪਤੀ ਮੁਰਮੂ ਤੋਂ ਸਮਾਂ ਮੰਗਿਆ
‘ਇੰਡੀਆ’ ਬਲਾਕ ਦੇ ਆਗੂਆਂ ਨੇ ਅੱਜ ਲਗਾਤਾਰ ਤੀਜੇ ਦਿਨ ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਮੋਰਚਾ ਖੋਲ੍ਹੀ ਰੱਖਿਆ। ਆਗੂਆਂ ਨੇ ਅੱਜ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਯਾਦਗਾਰ ਉੱਤੇ ਸ਼ਾਂਤਮਈ ਮੁਜ਼ਾਹਰਾ ਕੀਤਾ। ਵਿਰੋਧੀ ਧਿਰਾਂ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੀ ਈ ਸੀ ਨੇ ‘ਵੋਟ ਚੋਰੀ’ ਦੀ ਅਪਰਾਧਿਕ ਸਾਜ਼ਿਸ਼ ਘੜ ਕੇ ਦੇਸ਼ ਉੱਤੇ ‘ਕਬਜ਼ਾ’ ਕੀਤਾ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਰਾਜਘਾਟ ਉੱਤੇ ‘ਭਾਜਪਾ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਨੂੰ ਸਦਬੁੱਧੀ’ ਦੇਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਯਾਦਗਾਰ ਉੱਤੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ ਤੇ ਮਗਰੋਂ ਉਥੇ ਸ਼ਾਂਤਮਈ ਧਰਨੇ ਉੱਤੇ ਬੈਠ ਗਏ। ਵਿਰੋਧੀ ਪਾਰਟੀਆਂ ਦੇ ਆਗੂ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਅਤੇ ਆਪਣੀ ਗੱਲ ਰੱਖਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਸਮਾਂ ਮੰਗ ਰਹੇ ਹਨ। ਲਿਹਾਜ਼ਾ ਸ਼ੁੱਕਰਵਾਰ ਲਈ ਯੋਜਨਾਬੰਦੀ ਰਾਸ਼ਟਰਪਤੀ ਭਵਨ ਵੱਲ ਕੇਂਦਰਤ ਰਹੇਗੀ।
ਆਗੂਆਂ ਨੇ ਕਿਹਾ ਕਿ ਉਹ ਭਲਕੇ ਸ਼ੁੱਕਰਵਾਰ ਨੂੰ ਵੀ ਆਪਣਾ ਮੁਜ਼ਾਹਰਾ ਜਾਰੀ ਰੱਖਣਗੇ ਤੇ ਸਵੇਰੇ ਪਾਰਲੀਮੈਂਟ ਹਾਊਸ ਵਿੱਚ ਮੀਟਿੰਗ ਕਰ ਸਕਦੇ ਹਨ। ਇਸ ਬੈਠਕ ਵਿੱਚ ਤ੍ਰਿਣਮੂਲ ਸੁਪਰੀਮੋ ਮਮਤਾ ਬੈਨਰਜੀ ਤੇ ਸਮਾਜਵਾਦੀ ਆਗੂ ਰਾਮ ਗੋਪਾਲ ਯਾਦਵ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਰਾਜਘਾਟ ਵਾਲੇ ਪ੍ਰਦਰਸ਼ਨ ਵਿੱਚ ਬੈਨਰਜੀ ਨੇ ਵੀ ਸ਼ਮੂਲੀਅਤ ਕਰਨੀ ਸੀ, ਪਰ ਬੰਬ ਦੀ ਅਫ਼ਵਾਹ ਕਰ ਕੇ ਉਨ੍ਹਾਂ ਦੀ ਉਡਾਣ ਦੋ ਘੰਟੇ ਦੀ ਦੇਰੀ ਨਾਲ ਪਹੁੰਚੀ। ਕਈ ਆਗੂਆਂ ਨੇ ਮਗਰੋਂ ਕਿਹਾ ਕਿ ਉਹ ਸੀ ਈ ਸੀ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੱਕ ਆਪਣੀ ਲੜਾਈ ਜਾਰੀ ਰੱਖਣਗੇ। ਆਗੂਆਂ ਨੇ ਹਾਲਾਂਕਿ ਆਪਣੀ ਅਗਲੇਰੀ ਰਣਨੀਤੀ ਬਾਰੇ ਨਹੀਂ ਦੱਸਿਆ।
ਕਾਂਗਰਸੀ ਆਗੂ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੇ ਕਿੰਨੇ ਸ਼ਾਂਤਮਈ ਤਰੀਕੇ ਨਾਲ ਰਾਜਘਾਟ ’ਤੇ ਧਰਨਾ ਦਿੱਤਾ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਅਸੀਂ ਇਸ ਸਰਕਾਰ ਤੇ ਸੀ ਈ ਸੀ ਗਿਆਨੇਸ਼ ਕੁਮਾਰ ਨੂੰ ਸਦਬੁੱਧੀ ਦੇਣ ਅਤੇ ਹਰੇਕ ਵੋਟਰ ਦੀ ਵੋਟ ਅਤੇ ਦੇਸ਼ ਵਿਚ ਜਮਹੂਰੀਅਤ ਨੂੰ ਬਚਾਉਣ ਲਈ ਪ੍ਰਾਰਥਨਾ ਕੀਤੀ।’’ ਸੀ ਪੀ ਆਈ ਐੱਮ ਆਗੂ ਜੌਹਨ ਬ੍ਰਿਟਾਸ ਨੇ ਕਿਹਾ ਕਿ ਵਿਰੋਧ ਮੁਜ਼ਾਹਰਾ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ। ਇੰਡੀਆ ਬਲਾਕ ਦੇ ਅਹਿਮ ਭਾਈਵਾਲ ਸ਼ਿਵ ਸੈਨਾ (ਯੂ ਬੀ ਟੀ) ਅਤੇ ਐੱਨ ਸੀ ਪੀ (ਐੱਸ ਪੀ) ਅਜੇ ਤੱਕ ਧਰਨੇ ਪ੍ਰਦਰਸ਼ਨਾਂ ਤੋਂ ਲਾਂਭੇ ਰਹੇ ਹਨ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ, ਸ਼ਾਹ, ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਅਤੇ ਗਿਆਨੇਸ਼ ਕੁਮਾਰ ਨੇ ਸੰਵਿਧਾਨ ਤਬਾਹ ਕਰ ਦਿੱਤਾ ਹੈ ਅਤੇ ਇਸ ਸਾਜ਼ਿਸ਼ ਲਈ ਇਨ੍ਹਾਂ ਸਾਰਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾਇਆ ਜਾਵੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਵੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਤੇ ਆਗੂਆਂ ਲਈ ਆਊਟਰ ਸਰਕਲ ਕਨਾਟ ਪਲੇਸ ਦੇ ਰੈਸਟੋਰੈਂਟ ਵਿਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਲੰਚ ਦੌਰਾਨ ਹੀ ਆਗੂਆਂ ਨੇ ਰਾਜਘਾਟ ’ਤੇ ਸ਼ਾਂਤੀਮਈ ਧਰਨਾ ਲਾਉਣ ਦਾ ਫ਼ੈਸਲਾ ਕੀਤਾ। ਰੈਸਟੋਰੈਂਟ ਦੇ ਬਾਹਰ ਖੜ੍ਹੀਆਂ ਬੱਸਾਂ ’ਚ ਸਵਾਰ ਹੋ ਕੇ ਆਗੂ ਰਾਜਘਾਟ ਲਈ ਰਵਾਨਾ ਹੋ ਗਏ। ਕਾਂਗਰਸੀ ਵਰਕਰ ਬੱਸਾਂ ਦੇ ਨਾਲ ਤੁਰ ਕੇ ਰਾਜਘਾਟ ਤੱਕ ਗਏ।
‘ਇੰਡੀਆ’ ਬਲਾਕ ਦੇ ਆਗੂਆਂ ਨੇ ਮੰਗਲਵਾਰ ਤੇ ਬੁੱਧਵਾਰ ਨੂੰ ਕ੍ਰਮਵਾਰ ਆਕਾਸ਼ਵਾਣੀ ਭਵਨ ਅਹਾਤੇ ਤੇ ਕੇਂਦਰੀ ਦਿੱਲੀ ਵਿੱਚ ਸ਼ੰਗਰੀਲਾ ਹੋਟਲ ਦੇ ਬਾਹਰ ਧਰਨਾ ਦਿੱਤਾ ਸੀ। ਹਾਲਾਂਕਿ ਦਿੱਲੀ ਪੁਲੀਸ ਨੇ ਦੋਵਾਂ ਹੀ ਥਾਵਾਂ ਤੋਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਹੋਰਨਾਂ ਆਗੂਆਂ ਨੂੰ ਜਬਰੀ ਚੁੱਕ ਕੇ ਹਿਰਾਸਤ ਵਿੱਚ ਲੈ ਲਿਆ ਸੀ।
ਜੰਤਰ ਮੰਤਰ ’ਤੇ ਹਰ ਹਾਲ ’ਚ ਪ੍ਰਦਰਸ਼ਨ ਕਰਾਂਗੇ: ਦੀਪਕੇ
ਬੰਗਲੂਰੂ: ਕੌਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਲੋਕਾਂ ਨੂੰ 10 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ’ਚ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ। ਦੀਪਕੇ ਨੇ ਕਿਹਾ ਕਿ ਉਨ੍ਹਾਂ ਦੇ ਭਾਵੇਂ ਸਾਰੇ ਆਗੂ ਅਤੇ ਵਰਕਰ ਹਿਰਾਸਤ ’ਚ ਲੈ ਲਏ ਜਾਣ ਪਰ ਉਹ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਅੱਜ ਬੰਗਲੂਰੂ ’ਚ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਐੱਸ ਆਈ ਆਰ ਪ੍ਰਕਿਰਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਵਿਖਾਵਾ ਕੀਤਾ।

