ਭਾਰਤ-ਅਰਮੀਨੀਆ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ ’ਤੇ ਚਰਚਾ
ਸੀ ਡੀ ਐੱਸ ਜਨਰਲ ਚੌਹਾਨ ਨੇ ਅਰਮੀਨੀਆ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ
ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਨੇ ਅਰਮੀਨੀਆ ਦੇ ਰੱਖਿਆ ਮੰਤਰੀ ਸੁਰੇਨ ਪਾਪਕਿਆਨ ਨਾਲ ਮੁਲਾਕਾਤ ਦੌਰਾਨ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੋਵਾਂ ਦੇਸ਼ਾਂ ਨਾਲ ਸਬੰਧਤ ਸੁਰੱਖਿਆ ਮਸਲਿਆਂ ’ਤੇ ਚਰਚਾ ਕੀਤੀ। ਜਨਰਲ ਅਨਿਲ ਚੌਹਾਨ ਦੀ ਅਗਵਾਈ ਹੇਠ ਭਾਰਤੀ ਰੱਖਿਆ ਵਫ਼ਦ ਇਸ ਸਮੇਂ ਅਰਮੀਨੀਆ ਦੇ ਦੌਰੇ ’ਤੇ ਹੈ। ਹੈੱਡਕੁਆਰਟਰਜ਼ ਇੰਟੀਗ੍ਰੇਟੇਡ ਡਿਫੈਂਸ ਸਟਾਫ (ਐੱਚ ਕਿਊ ਆਈ ਡੀ ਐੱਸ) ਨੇ ‘ਐਕਸ’ ਉੱਤੇ ਲਗਾਤਾਰ ਪੋਸਟਾਂ ਰਾਹੀਂ ਚੀਫ ਆਫ ਡਿਫੈਂਸ ਸਟਾਫ ਦੀ ਚਾਰ ਰੋਜ਼ਾ ਯਾਤਰਾ ਨਾਲ ਜੁੜੀਆਂ ਜਾਣਕਾਰੀਆਂ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪੋਸਟ ਵਿੱਚ ਕਿਹਾ ਗਿਆ ਹੈ, ‘‘ਸੀ ਡੀ ਐੱਸ ਜਨਰਲ ਅਨਿਲ ਚੌਹਾਨ ਅਰਮੀਨੀਆ ਦੇ ਰੱਖਿਆ ਮੰਤਰੀ ਸੁਰੇਨ ਪਾਪਕਿਆਨ ਨਾਲ ਮੁਲਾਕਾਤ ਲਈ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਦੋਵਾਂ ਦੇਸ਼ਾਂ ਨਾਲ ਸਬੰਧਤ ਵੱਖ-ਵੱਖ ਸੁਰੱਖਿਆ ਮੁੱਦਿਆਂ ’ਤੇ ਰੱਖਿਆ ਸਹਿਯੋਗ ਮਜ਼ਬੂਤ ਕਰਨ ਬਾਰੇ ਚਰਚਾ ਹੋਈ।” ਹੈੱਡਕੁਆਰਟਰਜ਼ ਨੇ ਕਿਹਾ, “ਸੀ ਡੀ ਐੱਸ ਨੇ ਅਰਮੀਨੀਆ ਦੀ ਰਾਜਧਾਨੀ ਯੇਰੇਵਨ ਸਥਿਤ ਨੈਸ਼ਨਲ ਡਿਫੈਂਸ ਰਿਸਰਚ ਯੂਨੀਵਰਸਿਟੀ (ਐੱਨ ਡੀ ਆਰ ਯੂ) ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਲਮੀ ਸੁਰੱਖਿਆ ਵਾਤਾਵਰਨ ਵਿੱਚ ਹੋ ਰਹੇ ਬਦਲਾਵਾਂ ਅਤੇ ਸ਼ਕਤੀ ਦੇ ਮੁੱਖ ਨਿਰਧਾਰਕ ਵਜੋਂ ਤਕਨਾਲੋਜੀ ਦੇ ਉਭਾਰ ਬਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।”

