ਨਵੀਂ ਦਿੱਲੀ, 29 ਅਗਸਤ
ਚੀਨ ਨੇ ਦੇਸ਼ ਦੇ ਸਟੈਂਡਰਡ ਨਕਸ਼ੇ ਦਾ 2023 ਐਡੀਸ਼ਨ ਜਾਰੀ ਕੀਤਾ ਹੈ, ਜਿਸ ਕਾਰਨ ਉਸ ਦੀ ਭਾਰਤ ਨਾਲ ਕੂਟਨੀਤਕ ਕੁੜੱਤਣ ਵੱਧ ਸਕਦੀ ਹੈ, ਕਿਉਂਕਿ ਨਕਸ਼ੇ ਵਿੱਚ ਉਸ ਨੇ ਪੂਰੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚੀਨ ਨੂੰ ਆਪਣਾ ਖੇਤਰ ਦਿਖਾਇਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਨਕਸ਼ਾ ਚੀਨ ਦੇ ਕੁਦਰਤੀ ਸਰੋਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਸੀ। ਤਾਜ਼ਾ ਘਟਨਾਕ੍ਰਮ ਚਾਰ ਮਹੀਨੇ ਬਾਅਦ ਹੋਇਆ ਹੈ ਜਦੋਂ ਬੀਜਿੰਗ ਨੇ ਅਪਰੈਲ ਵਿੱਚ ਐਲਾਨ ਕੀਤਾ ਸੀ ਕਿ ਉਹ ਅਰੁਣਾਚਲ ਪ੍ਰਦੇਸ਼ ਵਿੱਚ 11 ਸਥਾਨਾਂ ਦੇ ਨਾਮ ਦਰੁਸਤ ਕਰੇਗਾ। ਨਾਲ ਹੀ ਨਕਸ਼ੇ ਦੀ ਰਿਲੀਜ਼ ਅਜਿਹੇ ਸਮੇਂ ਹੋਈ ਹੈ ਜਦੋਂ ਨਵੀਂ ਦਿੱਲੀ ਜੀ-20 ਸਿਖਰ ਸੰਮੇਲਨ ਨੂੰ ਪੰਦਰਵਾੜੇ ਤੋਂ ਵੀ ਘੱਟ ਸਮਾਂ ਬਾਕੀ ਹੈ, ਜਿਸ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਜੀ-20 ਸਿਖਰ ਸੰਮੇਲਨ 9 ਤੋਂ 10 ਸਤੰਬਰ ਦਰਮਿਆਨ ਹੋਣ ਵਾਲਾ ਹੈ। ਭਾਰਤ ਨੇ ਹਮੇਸ਼ਾ ਜ਼ੋਰ ਦੇ ਕੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇਸ਼ ਦਾ ਹਮੇਸ਼ਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ।