ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ਤੇ ਸਰ ਕਰੀਕ ਨੂੰ ਆਪਣਾ ਹਿੱਸਾ ਦੱਸਿਆ; 5 ਅਗਸਤ ‘ਸ਼ੋਸ਼ਣ ਦਿਵਸ’ ਵਜੋਂ ਮਨਾਉਣ ਦਾ ਐਲਾਨ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਨਵੀਂ ਦਿੱਲੀ, 4 ਅਗਸਤ

ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨੇ ਇਮਰਾਨ ਖ਼ਾਨ ਨੇ ਅੱਜ ਮੁਲਕ ਦਾ ਨਵਾਂ ਨਕਸ਼ਾ ਜਾਰੀ ਕੀਤਾ, ਜਿਸ ਵਿੱਚ ਮਕਬੂਜ਼ਾ ਕਸ਼ਮੀਰ ਨੂੰ ਆਪਣੇ ਹਿੱਸੇ ਵਜੋਂ ਵਿਖਾਇਆ ਗਿਆ ਹੈ। ਖ਼ਾਨ ਨੇ ਅੱਜ ਦੇ ਦਿਨ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਕਿਹਾ ਕਿ ਨਵਾਂ ਨਕਸ਼ਾ ‘ਪਾਕਿਸਤਾਨ ਦੀ ਆਵਾਮ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦਾ ਹੈ।’ ਇਸ ਦੌਰਾਨ ਪਾਕਿਸਤਾਨ ਨੇ 5 ਅਗਸਤ ਨੂੰ ‘ਯੌਮ-ਏ-ਇਸਤੇਹਸਲ’ (ਸ਼ੋਸ਼ਣ ਦਿਵਸ) ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖ਼ਾਨ ਸਰਕਾਰ ਕਸ਼ਮੀਰੀ ਲੋਕਾਂ ਨਾਲ ਇਕਜੁੁੱਟਤਾ ਦੇ ਪ੍ਰਗਟਾਵੇ ਵਜੋਂ ਰਾਜਧਾਨੀ ਇਸਲਾਮਾਬਾਦ ਵਿੱਚ ਆਪਣੇ ਮੁੱਖ ਕਸ਼ਮੀਰ ਸ਼ਾਹਰਾਹ ਦਾ ਨਾਮ ਬਦਲ ਕੇ ਸ੍ਰੀਨਗਰ ਸ਼ਾਹਰਾਹ ਰੱਖ ਦਿੱਤਾ ਹੈ। ਪਾਕਿਸਤਾਨ ਕੈਬਨਿਟ ਵੱਲੋਂ ਪ੍ਰਵਾਨਤ ਇਸ ਨਵੇਂ ਸਿਆਸੀ ਨਕਸ਼ੇ ਵਿੱਚ ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਅਤੇ ਲੱਦਾਖ ਦੇ ਇੱਕ ਹਿੱਸੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਦੇ ਦਾਅਵਾ ਕੀਤਾ ਕਿ ਨਵੇਂ ਨਕਸ਼ੇ ਵਿੱਚ ਦਰਸਾਏ ਇਲਾਕੇ ਉਸ ਦੇ ਆਪਣੇ ਹਨ। ਨਕਸ਼ੇ ਵਿੱਚ ਗੁਜਰਾਤ ਦੇ ਜੂਨਾਗੜ੍ਹ, ਮਾਨਾਵਡਾਰ ਤੇ ਸਰ ਕਰੀਕ ਨੂੰ ਵੀ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ। ਪਾਕਿਸਤਾਨ ਨੇ ਇਹ ਨਕਸ਼ਾ ਅਜਿਹੇ ਮੌਕੇ ਜਾਰੀ ਕੀਤਾ ਹੈ ਜਦੋਂ ਭਲਕੇ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤੇ 35ੲੇ ਤਹਿਤ ਮਿਲਿਆ ਵਿਸ਼ੇਸ਼ ਦਰਜਾ ਮਨਸੂਖ਼ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਹੈ। ਇਮਰਾਨ ਖ਼ਾਨ ਨੇ ਨਵਾਂ ਨਕਸ਼ਾ ਜਾਰੀ ਕਰਦਿਆਂ ਕਿਹਾ, ‘ਅੱਜ ਅਸੀਂ ਪੂਰੀ ਦੁਨੀਆ ਅੱਗੇ ਪਾਕਿਸਤਾਨ ਦਾ ਨਵਾਂ ਨਕਸ਼ਾ ਪੇਸ਼ ਕਰ ਰਹੇ ਹਾਂ, ਜਿਸ ਨੂੰ ਪਾਕਿਸਤਾਨ ਕੈਬਨਿਟ, ਵਿਰੋਧੀ ਧਿਰ ਤੇ ਕਸ਼ਮੀਰੀ ਲੀਡਰਸ਼ਿਪ ਦੀ ਹਮਾਇਤ ਹਾਸਲ ਹੈ। ਇਸ ਨਵੇਂ ਨਕਸ਼ੇ ਨਾਲ ਭਾਰਤ ਵੱਲੋਂ ਪਿਛਲੇ ਸਾਲ 5 ਅਗਸਤ ਨੂੰ ਕੀਤੀ ਗੈਰਕਾਨੂੰਨੀ ਪੇਸ਼ਕਦਮੀ ਰੱਦ ਹੋ ਜਾਵੇਗੀ। ਅੱਜ ਤੋਂ ਇਹੀ ਪਾਕਿਸਤਾਨ ਦਾ ਅਧਿਕਾਰਤ ਨਕਸ਼ਾ ਹੈ।’ ਕਾਬਿਲੇਗੌਰ ਹੈ ਕਿ ਪਾਕਿਸਤਾਨ ਹੁਣ ਤਕ ਅਧਿਕਾਰਤ ਤੌਰ ’ਤੇ ਮਕਬੂਜ਼ਾ ਕਸ਼ਮੀਰ ਅਧੀਨ ਆਉਂਦੇ ਸਾਰੇ ਇਲਾਕਿਆਂ ਨੂੰ ਅਾਪਣਾ ਦੱਸਣ ਤੋਂ ਝਿਜਕਦਾ ਰਿਹਾ ਹੈ। ਗਿਲਗਿਤ ਬਾਲਟਿਸਤਾਨ ਨੂੰ ਉਹ ਆਪਣਾ ਇਲਾਕਾ ਤੇ ਬਾਕੀ ਬਚਦੇ ਨੂੰ ‘ਆਜ਼ਾਦ ਕਸ਼ਮੀਰ’ ਦੱਸਦਾ ਆਇਆ ਹੈ।

 ਪਾਕਿਸਤਾਨ ਦੇ ਬੇਤੁਕੇ ਦਾਅਵਿਆਂ ਦੀ ਕੋਈ ਕਾਨੂੰਨੀ ਵੈਧਤਾ ਨਹੀਂ: ਭਾਰਤ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਵੱਲੋੋਂ ਨਵਾਂ ਸਿਆਸੀ ਨਕਸ਼ਾ ਜਾਰੀ ਕੀਤੇ ਜਾਣ ਦੀ ਪੂਰੀ ਮਸ਼ਕ ਨੂੰ ‘ਸਿਆਸੀ ਤੌਰ ’ਤੇ ਬੇਮਾਇਨੇ’ ਦੱਸਿਆ ਹੈ। ਭਾਰਤ ਨੇ ਸਾਫ਼ ਕਰ ਦਿੱਤਾ ਕਿ ਇਨ੍ਹਾਂ ‘ਹਾਸੋਹੀਣੇ/ਬੇਤੁਕੇ ਦਾਅਵਿਆਂ’ ਦੀ ਨਾ ਤਾਂ ਕੋਈ ਕਾਨੂੰਨੀ ਵੈਧਤਾ ਹੈ ਤੇ ਨਾ ਹੀ ਕੌਮਾਂਤਰੀ ਪੱਧਰ ’ਤੇ ਕੋਈ ਭਰੋਸੇਯੋਗਤਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਜਾਰੀ ਇਸ ਤਥਾ ਕਥਿਤ ‘ਸਿਆਸੀ ਨਕਸ਼ੇ’ ਨੂੰ ਵੇਖਿਆ ਹੈ। ਭਾਰਤੀ ਸੂਬੇ ਗੁਜਰਾਤ ਤੇ ਸਾਡੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਇਲਾਕਿਆਂ ਨੂੰ ਆਪਣਾ ਦੱਸਣ ਦੀ ਇਹ ਪੂਰੀ ਮਸ਼ਕ ਸਿਆਸੀ ਤੌਰ ’ਤੇ ਬੇਮਾਇਨੇ ਹੈ।’ -ਪੀਟੀਆਈ

 

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All