ਨਵੀਂ ਦਿੱਲੀ/ਚੰਡੀਗੜ੍ਹ, 18 ਜਨਵਰੀ
ਮੁੱਖ ਅੰਸ਼
- ਬਰਾਮਦ ਨਗ਼ਦੀ ’ਚ ਮੁੱਖ ਮੰਤਰੀ ਦੇ ਨਜ਼ਦੀਕੀ ਘਰੋਂ ਮਿਲੇ 4 ਕਰੋੜ ਰੁਪਏ ਵੀ ਸ਼ਾਮਲ
ਪੰਜਾਬ ਵਿੱਚ ਅਗਾਮੀ ਚੋਣਾਂ ਤੋਂ ਪਹਿਲਾਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਰੇਤ ਮਾਫ਼ੀਆ’ ਤੇ ਗੈਰਕਾਨੂੰਨੀ ਮਾਈਨਿੰਗ ਖਿਲਾਫ਼ ਵਿੱਢੀ ਜਾਂਚ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੀ ਲੁਧਿਆਣਾ ਸਥਿਤ ਰਿਹਾਇਸ਼ ਸਮੇਤ ਸੂਬੇ ਦੇ ਦਰਜਨਾਂ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ। ਈਡੀ ਨੇ ਛਾਪਿਆਂ ਦੌਰਾਨ 6 ਕਰੋੜ ਰੁਪਏ ਦੀ ਨਗ਼ਦੀ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿੱਚ ਹਨੀ ਦੀ ਰਿਹਾਇਸ਼ ਤੋਂ ਮਿਲੇ 4 ਕਰੋੜ ਰੁਪਏ ਵੀ ਸ਼ਾਮਲ ਹੈ।
ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਨਾਲ ਜੁੜੇ ਕੇਸ ਵਿੱਚ ਚੰਡੀਗੜ੍ਹ, ਮੁਹਾਲੀ, ਲੁਧਿਆਣਾ ਤੇ ਪਠਾਨਕੋਟ ਸਮੇਤ ਸੂਬੇ ਦੀਆਂ ਦਰਜਨਾਂ ਲੋਕੇਸ਼ਨਾਂ ’ਤੇ ਇਕੋ ਵੇਲੇ ਛਾਪੇ ਮਾਰੇ ਹਨ। ਇਸ ਮੌਕੇ ਈਡੀ ਨਾਲ ਸੀਆਰਪੀਐੱਫ ਦਾ ਹਥਿਆਰਬੰਦ ਅਮਲਾ ਵੀ ਮੌਜੂਦ ਸੀ। ਅਧਿਕਾਰੀਆਂ ਨੇ ਕਿਹਾ ਕਿ ਛਾਪੇ ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਲਈ ਬਣੇ ਐਕਟ (ਪੀਐੱਮਐੱਲਏ) ਤਹਿਤ ਮਾਰੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਛਾਪਿਆਂ ਦੌਰਾਨ ਈਡੀ ਵੱਲੋਂ ਭੁਪਿੰਦਰ ਸਿੰਘ ਉਰਫ਼ ਹਨੀ ਦੇ ਟਿਕਾਣੇ ’ਤੇ ਵੀ ਫਰੋਲਾ-ਫਰਾਲੀ ਕੀਤੀ ਗਈ। ਹਨੀ ਮੁੱਖ ਮੰਤਰੀ ਚੰਨੀ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਸੂਤਰਾਂ ਮੁਤਾਬਕ ਈਡੀ ਹਨੀ ਦੇ ਅੱਗੇ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਕੁਦਰਤਦੀਪ ਸਿੰਘ ਵਜੋਂ ਦੱਸੀ ਗਈ ਹੈ, ਨਾਲ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਈਡੀ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੁਲੀਸ ਵੱਲੋਂ ਸਾਲ 2018 ਵਿੱਚ ਦਰਜ ਕੇਸ ਤੇ ਕੁਝ ਹੋਰਨਾਂ ਕੰਪਨੀਆਂ ਤੇ ਵਿਅਕਤੀ ਵਿਸ਼ੇਸ਼ ਖਿਲਾਫ਼ ਨਾਜਾਇਜ਼ ਖਣਨ ਮਾਮਲੇ ਵਿੱਚ ਦਰਜ ਪੁਲੀਸ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਤਫ਼ਤੀਸ਼ ਵਿੱਢੀ ਹੈ। ਇਨ੍ਹਾਂ ਐੱਫਆਈਆਰਾਂ ਵਿੱਚ ਰੇਤਾਂ ਦੇ ਗੈਰਕਾਨੂੰਨੀ ਖਣਨ ਵਿੱਚ ਸ਼ਾਮਲ ਟਰੱਕ ਡਰਾਈਵਰਾਂ ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ ਵਿੱਚ ਵੀ ਛਾਪੇਮਾਰੀ ਦੀ ਗੱਲ ਕਹੀ ਜਾ ਰਹੀ ਹੈ। ਇਸ ਦੌਰਾਨ ਵੱਖ-ਵੱਖ ਥਾਣਿਆਂ ਵਿੱਚ ਐੱਫ਼ਆਈਆਰ ਦਰਜ ਕਰਨ ਤੇ ਇਕ ਦੋ ਜਣਿਆਂ ਨੂੰ ਹਿਰਾਸਤ ਵਿੱਚ ਲੈਣ ਦੇ ਚਰਚੇ ਵੀ ਜ਼ੋਰਾਂ ’ਤੇ ਹਨ, ਪਰ ਕੋਈ ਵੀ ਅਧਿਕਾਰੀ ਆਪਣਾ ਮੂੰਹ ਤੱਕ ਖੋਲ੍ਹਣ ਨੂੰ ਤਿਆਰ ਨਹੀਂ ਹੈ। -ਪੀਟੀਆਈ
ਈਡੀ ਵੱਲੋਂ ਸਾਬਕਾ ਸਰਪੰਚ ਰਣਦੀਪ ਬੁੱਗਾ ਦੇ ਘਰ ਵੀ ਛਾਪੇਮਾਰੀ
ਅਮਲੋਹ (ਰਾਮ ਸਰਨ ਸੂਦ): ਈਡੀ ਨੇ ਨਾਜਾਇਜ਼ ਖਣਨ ਮਾਮਲੇ ਵਿੱਚ ਕੀਤੀ ਛਾਪੇਮਾਰੀ ਦੌਰਾਨ ਅੱਜ ਕਾਂਗਰਸ ਆਗੂ ਅਤੇ ਪਿੰਡ ਬੁੱਗਾ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਬੁੱਗਾ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ। ਦੋ ਗੱਡੀਆਂ ਵਿੱਚ ਆਈ ਈਡੀ ਦੀ ਟੀਮ ਨੇ ਦੇਰ ਸ਼ਾਮ ਤੱਕ ਘਰ ਅੰਦਰ ਕਾਰਵਾਈ ਜਾਰੀ ਰੱਖੀ। ਛਾਪੇਮਾਰੀ ਉਪਰੰਤ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਿੰਗਾਰਾ ਸਿੰਘ ਸਲਾਣਾ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਰਣਦੀਪ ਸਿੰਘ ਬੁੱਗਾ ਦੇ ਬਾਕੀ ਸਾਥੀਆਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਅਮਲੋਹ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨਾਲ ਉਸ ਦੀਆਂ ਫ਼ੋਟੋਆਂ ਨਸ਼ਰ ਕਰਦੇ ਹੋਏ ਦੋਸ਼ ਲਾਇਆ ਕਿ ਉਹ ਇਸ ਦਾ ਨਜ਼ਦੀਕੀ ਸੀ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਸ੍ਰੀ ਨਾਭਾ ਨੂੰ ਟਿਕਟ ਨਾ ਦੇਣ ਦੀ ਮੰਗ ਕੀਤੀ ਸੀ। ਉਧਰ ਵਿਧਾਇਕ ਅਤੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਸਾਬਕਾ ਸਰਪੰਚ ਰਣਦੀਪ ਸਿੰਘ ਕਾਂਗਰਸ ਪਾਰਟੀ ਦਾ ਪੁਰਾਣਾ ਵਰਕਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨਾਲ ਫ਼ੋਟੋਆਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਕੋਈ ਗਲਤ ਕੰਮ ਕੀਤਾ ਹੋਵੇਗਾ ਤਾਂ ਉਸ ਖਿਲਾਫ਼ ਕਾਰਵਾਈ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਹਨੀ ਦੇ ਟਿਕਾਣੇ ਤੋਂ ਸਾਮਾਨ ਤੇ ਹੋਰ ਦਸਤਾਵੇਜ਼ ਜ਼ਬਤ
ਲੁਧਿਆਣਾ (ਗਗਨਦੀਪ ਅਰੋੜਾ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਈਡੀ ਨੇ ਅੱਜ ਸਵੇਰੇ ਦਸ ਵਜੇ ਦੇ ਕਰੀਬ ਛਾਪੇਮਾਰੀ ਕੀਤੀ, ਜੋ ਸ਼ਾਮ ਤੱਕ ਜਾਰੀ ਰਹੀ। ਹਨੀ ਦੀ ਇਥੇ ਐੱਸਬੀਐੱਸ ਨਗਰ ਸਥਿਤ ਰਿਹਾਇਸ਼ ’ਤੇ ਈਡੀ ਅਧਿਕਾਰੀਆਂ ਦੇ ਪੁੱਜਦੇ ਹੀ ਪੁਲੀਸ ਤੇ ਹੋਰ ਫੋਰਸ ਨੇ ਘਰ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਨਹੀਂ ਜਾਣ ਦਿੱਤਾ ਗਿਆ। ਈਡੀ ਦੇ ਇਸ ਛਾਪੇ ਨੂੰ ਲੈ ਕੇ ਕਿਸੇ ਵੀ ਅਧਿਕਾਰੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਛਾਪੇਮਾਰੀ ਦੌਰਾਨ ਟੀਮ ਨੇ ਕਾਫ਼ੀ ਸਾਮਾਨ ਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਨੀ ਦੇ ਕਿਸੇ ਹੋਰ ਨਜ਼ਦੀਕੀ ਦੇ ਘਰ ਵਿੱਚ ਵੀ ਛਾਪੇਮਾਰੀ ਹੋਈ ਹੈ, ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।