13 ਕਰੋੜ ਤੋਂ ਵੱਧ ਵੋਟਾਂ ਕੱਟਣਾ ਸੈਟਿੰਗ ਨਹੀਂ ਤਾਂ ਹੋਰ ਕੀ: Abhijit Deepke
ਐੱਸ ਆਈ ਆਰ ਰਾਹੀਂ ਪਿਛਲੀਆਂ ਚੋਣਾਂ ਦੀਆਂ ਬੇਨੇਮੀਆਂ ਦੇ ਸਬੂਤ ਮਿਟਾ ਰਹੀ ਹੈ ਸਰਕਾਰ; ਅਦਾਕਾਰ ਪ੍ਰਕਾਸ਼ ਰਾਜ ਨੇ ਲਾਇਆ ਦੋਸ਼
ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਦੋਸ਼ ਲਾਇਆ ਕਿ ਸਰਕਾਰ ਕਥਿਤ ਤੌਰ ’ਤੇ ਵੋਟਰ ਸੂਚੀਆਂ ਵਿੱਚੋਂ ਨਾਂ ਕੱਟ ਕੇ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ 13 ਕਰੋੜ ਤੋਂ ਵੱਧ ਵੋਟਰਾਂ ਦੇ ਨਾਂ ਕੱਟੇ ਜਾਣ ਨੂੰ ‘ਸੈਟਿੰਗ’ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ?
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੀਪਕੇ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ-ਹਾਰ ਦਾ ਫ਼ਰਕ ਸਿਰਫ਼ ਦੋ ਫ਼ੀਸਦੀ ਸੀ, ਜਦਕਿ 13 ਕਰੋੜ ਤੋਂ ਵੱਧ ਵੋਟਰਾਂ ਦੇ ਨਾਂ ਕੱਟੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੋਟਾਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਵਿਰੁੱਧ ਮੁਜ਼ਾਹਰਿਆਂ ਨੂੰ ਰੋਕਣ ਲਈ ਦਿੱਲੀ ਵਿੱਚ ਸਖ਼ਤ ਪਾਬੰਦੀਆਂ ਲਾਉਣ ਦਾ ਵੀ ਦੋਸ਼ ਲਾਇਆ। ਦੀਪਕੇ ਨੇ ‘ਇੱਕ ਦੇਸ਼, ਇੱਕ ਚੋਣ’ ਦੇ ਨਾਅਰੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਦਾ ਅਸਲ ਉਦੇਸ਼ ‘ਇੱਕ ਦੇਸ਼, ਇੱਕ ਪਾਰਟੀ, ਇੱਕ ਆਗੂ’ ਹੈ। ਉਨ੍ਹਾਂ ਦੋਸ਼ ਲਾਇਆ ਕਿ ਤਿਰੰਗਾ ਲੈ ਕੇ ਜਾ ਰਹੇ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਸੀ ਜੇ ਪੀ ਨੇ ਸ਼ੁੱਕਰਵਾਰ ਨੂੰ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ‘ਲਹਿਰਾ ਦੋ ਤਿਰੰਗਾ’ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਪ੍ਰਧਾਨ ਨੇਹਾ ਬੋਰਾ ਅਤੇ ਵਿਦਿਆਰਥੀ ਆਗੂ ਆਇਸ਼ੇ ਘੋਸ਼ ਨੇ ਵੀ ਪੁਲੀਸ ’ਤੇ ਮੁਜ਼ਾਹਰਾਕਾਰੀਆਂ ਅਤੇ ਪੱਤਰਕਾਰਾਂ ਵਿਰੁੱਧ ਕਾਰਵਾਈ ਕਰਨ ਦੇ ਦੋਸ਼ ਲਾਏ। ਘੋਸ਼ ਨੇ ਲੋਕਾਂ ਨੂੰ ਲੋਕਤੰਤਰ ਦੀ ਰੱਖਿਆ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਅਦਾਕਾਰ ਤੇ ਕਾਰਕੁਨ ਪ੍ਰਕਾਸ਼ ਰਾਜ ਨੇ ਦੋਸ਼ ਲਾਇਆ ਕਿ ਐੱਸ ਆਈ ਆਰ ਦਾ ਉਦੇਸ਼ ਸਿਰਫ਼ ਵੋਟਰਾਂ ਦੇ ਨਾਂ ਕੱਟਣਾ ਹੀ ਨਹੀਂ, ਸਗੋਂ ਪਿਛਲੀਆਂ ਚੋਣਾਂ ਵਿੱਚ ਕਥਿਤ ਬੇਨਿਯਮੀਆਂ ਦੇ ਸਬੂਤ ਮਿਟਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕਥਿਤ ਸਾਜ਼ਿਸ਼ ਤਹਿਤ ਗ਼ੈਰ-ਕਾਨੂੰਨੀ ਢੰਗ ਨਾਲ ਜਿੱਤ ਹਾਸਲ ਕੀਤੀ ਗਈ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਅਸੀਂ ਸਰਕਾਰ ਬਦਲਣਾ ਚਾਹੁੰਦੇ ਹਾਂ: ਪ੍ਰਸ਼ਾਂਤ ਭੂਸ਼ਣ
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਐੱਸ ਆਈ ਆਰ ਵਿੱਚ ਕਥਿਤ ਬੇਨੇਮੀਆਂ ਵਿਰੁੱਧ ਸੰਘਰਸ਼ ਹੁਣ ਤਾਨਾਸ਼ਾਹ ਸਰਕਾਰ ਨੂੰ ਬਦਲਣ ਦੀ ਲੜਾਈ ਬਣ ਗਿਆ ਹੈ। ਸਰਕਾਰ ਬਦਲਣ ਦੀ ਮੰਗ ਕਰਨਾ ਹਰ ਨਾਗਰਿਕ ਦਾ ਲੋਕਤੰਤਰੀ ਹੱਕ ਹੈ ਅਤੇ ਸਰਕਾਰ ਵਿਰੁੱਧ ਨਾਰਾਜ਼ਗੀ ਪੈਦਾ ਕਰਨਾ ਕੋਈ ਅਪਰਾਧ ਨਹੀਂ ਹੈ। ਉਨ੍ਹਾਂ ਜੰਤਰ ਮੰਤਰ ’ਤੇ ਵਿਰੋਧ ਮੁਜ਼ਾਹਰੇ ਕਰਨ ਦੀ ਇਜਾਜ਼ਤ ਨਾ ਦੇਣ ’ਤੇ ਵੀ ਸਵਾਲ ਉਠਾਏ। -ਪੀਟੀਆਈ
ਕਨਾਟ ਪਲੇਸ ਵਿੱਚ ਤਿਰੰਗਾ ਮਾਰਚ ਕੱਢੇਗੀ ਸੀ ਜੇ ਪੀ
ਨਵੀਂ ਦਿੱਲੀ: ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਮੁਜ਼ਾਹਰਿਆਂ ਦਰਮਿਆਨ ਸ਼ੁੱਕਰਵਾਰ ਨੂੰ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ‘ਲਹਿਰਾ ਦੋ ਤਿਰੰਗਾ’ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਨਵੀਂ ਦਿੱਲੀ ਨਗਰ ਕੌਂਸਲ ਨੇ ਸ਼ੁੱਕਰਵਾਰ ਨੂੰ ਸੈਂਟਰਲ ਪਾਰਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦਿੱਲੀ ਪੁਲੀਸ ਨੇ ਵੀ ਕਿਹਾ ਕਿ ਕਨਾਟ ਪਲੇਸ ਮੁਜ਼ਾਹਰਿਆਂ ਲਈ ਤੈਅਸ਼ੁਦਾ ਥਾਂ ਨਹੀਂ ਹੈ। ਦੀਪਕੇ ਨੇ ਸਿਆਸੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਵੋਟ ਦੇ ਅਧਿਕਾਰ ਦੀ ਰਾਖੀ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਧਰ, ਸੀ ਜੇ ਪੀ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

