IAF ਦੇ ਗਰੁੱਪ ਕੈਪਟਨ ਅਭਿਨੰਦਨ ਨੇ ਏਅਰਫੋਰਸ ਤੋਂ ਲਈ ਸੇਵਾਮੁਕਤੀ; ਹੁਣ ਉਡਾਉਣਗੇ ਕਮਰਸ਼ੀਅਲ ਜਹਾਜ਼
2019 ਵਿੱਚ ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਐੱਫ-16 ਨਾਲ ਮੁਕਾਬਲੇ ਦੌਰਾਨ ਚਰਚਾ ਵਿੱਚ ਆਏ ਸਨ ਅਭਿਨੰਦਨ ਵਰਤਮਾਨ
ਫਰਵਰੀ 2019 ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਪਾਕਿਸਤਾਨੀ ਹਵਾਈ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ ਭਾਰਤੀ ਹਵਾਈ ਫੌਜ (ਆਈ ਏ ਐੱਫ) ਦੇ ਫਾਈਟਰ ਪਾਇਲਟ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੇ ਹਵਾਈ ਫੌਜ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਹੈ। ਹੁਣ ਉਹ ਇੱਕ ਨਿੱਜੀ ਏਅਰਲਾਈਨ ਵਿੱਚ ਕਮਰਸ਼ੀਅਲ ਪਾਇਲਟ ਵਜੋਂ ਸ਼ਾਮਲ ਹੋ ਰਹੇ ਹਨ।
ਸੂਤਰਾਂ ਨੇ 'ਟ੍ਰਿਬਿਊਨ ਸਮੂਹ' ਨੂੰ ਪੁਸ਼ਟੀ ਕੀਤੀ ਕਿ ਗਰੁੱਪ ਕੈਪਟਨ ਵਰਤਮਾਨ, ਜਿਨ੍ਹਾਂ ਨੂੰ ਦਸੰਬਰ 2021 (ਪੰਜ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ) ਵਿੱਚ ਆਪਣੇ ਮੌਜੂਦਾ ਰੈਂਕ 'ਤੇ ਤਰੱਕੀ ਦਿੱਤੀ ਗਈ ਸੀ, ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਹੈ। ਉਨ੍ਹਾਂ ਨੇ ਲਗਪਗ 22 ਸਾਲਾਂ ਤੱਕ ਭਾਰਤੀ ਹਵਾਈ ਫੌਜ ਵਿੱਚ ਪਾਇਲਟ ਵਜੋਂ ਸੇਵਾ ਨਿਭਾਈ ਅਤੇ ਹੁਣ ਫੌਜ ਤੋਂ ਬਾਹਰ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇਹ ਕਈ ਆਈ ਏ ਐੱਫ ਪਾਇਲਟਾਂ ਲਈ ਇੱਕ ਸੁਭਾਵਿਕ ਪ੍ਰਕਿਰਿਆ ਹੈ ਅਤੇ ਕਈ ਪਾਇਲਟ ਉੱਚ ਅਹੁਦਿਆਂ 'ਤੇ ਉਡਾਣ ਦੀਆਂ ਡਿਊਟੀਆਂ ਘੱਟ ਹੋਣ ਅਤੇ ਪ੍ਰਸ਼ਾਸਕੀ ਡਿਊਟੀਆਂ ਲਈ ਕੰਮ ਵੱਧ ਹੋਣ ਕਾਰਨ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਸਿਖਰ ਉੱਤੇ ਹੋਣ ਦੌਰਾਨ ਜਦੋਂ ਗਰੁੱਪ ਕੈਪਟਨ ਵਰਤਮਾਨ 27 ਫਰਵਰੀ, 2019 ਨੂੰ ਇੱਕ ਮਿਗ-21 ਜੈੱਟ ਉਡਾ ਰਹੇ ਸਨ, ਉਦੋਂ ਕੰਟਰੋਲ ਰੇਖਾ (LoC) ਨੇੜੇ ਨੌਸ਼ੇਰਾ ਉੱਤੇ ਉਨ੍ਹਾਂ ਦੀ ਇੱਕ ਪਾਕਿਸਤਾਨ ਦੇ ਐੱਫ-16 ਜੈੱਟ ਨਾਲ ਖਤਰਨਾਕ ਲੜਾਈ ਹੋਈ। ਹਾਲਾਂਕਿ ਇਸ ਦੌਰਾਨ ਮਿਗ-21 ਜਹਾਜ਼ ਡਿੱਗ ਗਿਆ ਅਤੇ ਗਰੁੱਪ ਕੈਪਟਨ ਵਰਤਮਾਨ ਬਾਹਰ ਨਿਕਲ ਗਏ ਤੇ ਪੈਰਾਸ਼ੂਟ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਉਤਰ ਗਏ।
ਜ਼ਮੀਨ 'ਤੇ ਉਤਰਨ 'ਤੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ਵੱਲੋਂ 1 ਮਾਰਚ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਤੀਜੇ ਸਭ ਤੋਂ ਵੱਡੇ ਯੁੱਧ ਸਨਮਾਨ, ਵੀਰ ਚੱਕਰ ਨਾਲ ਸਨਮਾਨਿਤ ਕੀਤਾ।
ਭਾਰਤੀ ਹਵਾਈ ਫੌਜ ਅਤੇ ਪਾਕਿਸਤਾਨ ਹਵਾਈ ਫੌਜ ਵਿਚਕਾਰ ਹਵਾਈ ਮੁਕਾਬਲਾ ਭਾਰਤ ਵੱਲੋਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਬਾਲਾਕੋਟ 'ਚ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਹਮਲੇ ਕਰਨ ਤੋਂ ਇੱਕ ਦਿਨ ਬਾਅਦ ਸ਼ੁਰੂ ਹੋਇਆ ਸੀ। ਬਾਲਾਕੋਟ ਹਮਲਿਆਂ ਤੋਂ ਕੁਝ ਦਿਨ ਪਹਿਲਾਂ, ਅਤਿਵਾਦੀਆਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਪੁਲਵਾਮਾ ਵਿਖੇ ਹਮਲਾ ਕੀਤਾ ਸੀ।

