ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਸੀਡਬਲਿਊਸੀ ਦੀ ਮੀਟਿੰਗ ’ਚ ਅਸੰਤੁਸ਼ਟ ਆਗੂਆਂ ਨੂੰ ਦਿੱਤਾ ਸਪੱਸ਼ਟ ਸੁਨੇਹਾ

ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸੀਡਬਲਿਊਸੀ ਦੀ ਮੀਟਿੰਗ ਵਿੱਚ ਪੁੱਜਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 16 ਅਕਤੂਬਰ

ਕਾਂਗਰਸ ਦੇ ਨਾਰਾਜ਼ ਧੜੇ ਜੀ-23 ਦੇ ਆਗੂਆਂ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਕਪਿਲ ਸਿੱਬਲ ਦੀ ਮੰਗ ’ਤੇ ਅੱਜ ਸੱਦੀ ਗਈ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ ’ਚ ਸੋਨੀਆ ਗਾਂਧੀ ਨੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਉਹ ਹੀ ਕਾਂਗਰਸ ਦੇ ਪੱਕੀ ਪ੍ਰਧਾਨ ਹਨ ਅਤੇ ਆਗੂਆਂ ਨੂੰ ਮੀਡੀਆ ਰਾਹੀਂ ਉਸ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ। ਜੀ-23 ਦੇ ਆਗੂਆਂ ਨੇ ਕਿਹਾ ਸੀ ਕਿ ਪਾਰਟੀ ਦਾ ਕੋਈ ਪੱਕਾ ਪ੍ਰਧਾਨ ਨਹੀਂ ਹੈ ਅਤੇ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਕਿਸੇ ਦਾ ਨਾਮ ਲਏ ਬਿਨਾਂ ਸੋਨੀਆ ਨੇ ਜੀ-23 (ਨਾਰਾਜ਼ ਧੜੇ ਦੇ ਆਗੂ) ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ’ਚ ਸੁਨੇਹਾ ਦਿੱਤਾ ਕਿ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਮਜ਼ਬੂਤ ਹੋਵੇ ਪਰ ਇਸ ਲਈ ਜ਼ਰੂਰੀ ਹੈ ਕਿ ਇਕਜੁੱਟਤਾ ਹੋਵੇ ਅਤੇ ਪਾਰਟੀ ਦੇ ਹਿੱਤਾਂ ਨੂੰ ਸਭ ਤੋਂ ਉਪਰ ਰੱਖਿਆ ਜਾਵੇ। ਇਸ ਤੋਂ ਇਲਾਵਾ ਸਵੈ ਕੰਟਰੋਲ ਅਤੇ ਅਨੁਸ਼ਾਸਨ ਦੀ ਵੀ ਲੋੜ ਹੈ। ਕਾਂਗਰਸ ਪ੍ਰਧਾਨ ਨੇ ਕਿਹਾ,‘‘ਜੇਕਰ ਤੁਸੀਂ ਮੈਨੂੰ ਬੋਲਣ ਦੀ ਇਜਾਜ਼ਤ ਦਿੰਦੇ ਹੋ ਤਾਂ ਮੈਂ ਪੂਰੇ ਸਮੇਂ ਦੀ ਅਤੇ ਸਰਗਰਮ ਪ੍ਰਧਾਨ ਹਾਂ।’’ ਉਨ੍ਹਾਂ ਜੀ-23 ਦੇ ਆਗੂਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਸਦਾ ਸਪੱਸ਼ਟ ਬੋਲਣ ਵਾਲਿਆਂ ਦੀ ਸ਼ਲਾਘਾ ਕਰਦੇ ਹਨ। ‘ਮੇਰੇ ਨਾਲ ਮੀਡੀਆ ਰਾਹੀਂ ਗੱਲ ਕਰਨ ਦੀ ਲੋੜ ਨਹੀਂ ਹੈ। ਇਸ ਲਈ ਅਸੀਂ ਸਾਰੇ ਇਥੇ ਖੁੱਲ੍ਹੀ ਅਤੇ ਇਮਾਨਦਾਰ ਚਰਚਾ ਕਰਦੇ ਹਾਂ, ਪਰ ਇਸ ਚਾਰਦੀਵਾਰੀ ਤੋਂ ਬਾਹਰ ਜਿਹੜੀ ਗੱਲ ਜਾਵੇ, ਉਹ ਸੀਡਬਲਿਊਸੀ ਦਾ ਸਮੂਹਿਕ ਫ਼ੈਸਲਾ ਹੋਣਾ ਚਾਹੀਦਾ ਹੈ।’ ਉਨ੍ਹਾਂ ਸੀਡਬਲਿਊਸੀ ਦੀ ਬੈਠਕ ਦੌਰਾਨ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਪ੍ਰੋਗਰਾਮ ਦੀ ਜਾਣਕਾਰੀ ਵੀ ਦਿੱਤੀ। ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਅਗਲੇ ਸਾਲ 21 ਅਗਸਤ ਤੋਂ 20 ਸਤੰਬਰ ਦੇ ਵਿਚਕਾਰ ਕਰਵਾਈ ਜਾਵੇਗੀ।  ਸੀਡਬਲਿਊਸੀ ਨੇ ਦੇਸ਼ ਦੇ ਸਿਆਸੀ ਹਾਲਾਤ, ਮਹਿੰਗਾਈ ਅਤੇ ਕਿਸਾਨਾਂ ’ਤੇ ਹੋ ਰਹੇ ਹਮਲਿਆਂ ਬਾਰੇ ਤਿੰਨ ਮਤੇ ਵੀ ਪਾਸ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਕਈ ਕਾਂਗਰਸ ਆਗੂਆਂ ਖਾਸ ਕਰਕੇ ਨੌਜਵਾਨਾਂ ਨੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ‘ਅਸੀਂ ਲੋਕਾਂ ਦੇ ਮਸਲਿਆਂ ਨੂੰ ਕਦੀ ਵੀ ਅਣਗੌਲਿਆ ਨਹੀਂ ਕੀਤਾ। ਮੈਂ ਡਾਕਟਰ ਮਨਮੋਹਨ ਸਿੰਘ ਅਤੇ ਰਾਹੁਲ ਨਾਲ ਇਹ ਮੁੱਦੇ ਵਿਚਾਰਦੀ ਰਹੀ ਹਾਂ। ਇਸ ਤੋਂ ਇਲਾਵਾ ਹਮਖਿਆਲ ਪਾਰਟੀਆਂ ਨਾਲ ਵੀ ਮੈਂ ਨਿਯਮਤ ਤੌਰ ’ਤੇ ਵਿਚਾਰ ਵਟਾਂਦਰਾ ਕਰਦੀ ਆ ਰਹੀ ਹਾਂ।’ ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਜੇਕਰ ਪਾਰਟੀ ਇਕਜੁੱਟ, ਅਨੁਸ਼ਾਸਿਤ ਅਤੇ ਲੋਕਾਂ ਦੇ ਹਿੱਤਾਂ ਪ੍ਰਤੀ ਕੇਦਰਿਤ ਰਹੀ ਤਾਂ ਪੂਰਾ ਭਰੋਸਾ ਹੈ ਕਿ ਉਹ ਇਨ੍ਹਾਂ ਸੂਬਿਆਂ ’ਚ ਵਧੀਆ ਪ੍ਰਦਰਸ਼ਨ ਕਰਨਗੇ। ਸੋਨੀਆ ਗਾਂਧੀ ਨੇ ਕਿਸਾਨ ਅੰਦੋਲਨ, ਲਖੀਮਪੁਰ ਖੀਰੀ ਹਿੰਸਾ, ਮਹਿੰਗਾਈ, ਵਿਦੇਸ਼ ਨੀਤੀ ਅਤੇ ਚੀਨ ਦੇ ਹਮਲਾਵਰ ਰੁਖ ਜਿਹੇ ਮੁੱਦਿਆਂ ਨੂੰ ਲੈ ਕੇ ਵੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ। ਲਖੀਮਪੁਰ ਖੀਰੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪਾ ਦੀ ਸੋਚ ਦਾ ਪਤਾ ਲਗਦਾ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ,‘‘ਭਾਜਪਾ ਸਰਕਾਰ ਨੇ ਸੰਸਦ ’ਚ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕਰਵਾਏ ਹਨ, ਉਹ ਕੁਝ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਵਾਲੇ ਹਨ।’’ ਉਨ੍ਹਾਂ ਅਰਥਚਾਰੇ ਦੀ ਹਾਲਤ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਸਰਕਾਰ ਕੋਲ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਦਾ ਇਕੋ ਰਾਹ ਨਜ਼ਰ ਆਉਂਦਾ ਹੈ, ਉਹ ਹੈ ਕੌਮੀ ਸੰਪਤੀਆਂ ਨੂੰ ਵੇਚਣਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਇਕੋ ਏਜੰਡਾ ‘ਵੇਚੋ, ਵੇਚੋ, ਵੇਚੋ’ ਹੈ। ਸੋਨੀਆ ਨੇ ਜੰਮੂ ਕਸ਼ਮੀਰ ’ਚ ਪਿਛਲੇ ਦਿਨਾਂ ’ਚ ਘੱਟਗਿਣਤੀਆਂ ਦੀ ਹੋਈ ਹੱਤਿਆ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸ਼ਾਂਤੀ ਅਤੇ ਸਦਭਾਵਨਾ ਬਹਾਲ ਕਰਨ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬਾ ਸਰਕਾਰਾਂ ਦੀ ਮੰਗ ਤੋਂ ਬਾਅਦ ਟੀਕਾਕਰਨ ਨੀਤੀ ’ਚ ਬਦਲਾਅ ਕੀਤਾ ਅਤੇ ਸਹਿਕਾਰੀ ਸੰਘਵਾਦ ਅੱਜ ਵੀ ਭਾਜਪਾ ਸਰਕਾਰ ਲਈ ਸਿਰਫ਼ ਇਕ ਨਾਅਰਾ ਹੈ। ਵਿਦੇਸ਼ ਨੀਤੀ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਸਹਿਮਤੀ ਬਣਾ ਕੇ ਇਹ ਨੀਤੀ ਤੈਅ ਕੀਤੀ ਜਾਂਦੀ ਸੀ ਪਰ ਮੋਦੀ ਸਰਕਾਰ ਨੇ ਵਿਰੋਧੀ ਧਿਰ ਨੂੰ ਸਾਰਥਕ ਢੰਗ ਨਾਲ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲਈ ਵਿਦੇਸ਼ ਨੀਤੀ ਚੁਣਾਵੀ ਮਾਹੌਲ ਬਣਾਉਣ ਅਤੇ ਧਰੁਵੀਕਰਨ ਦਾ ਇਕ ਸੰਦ ਬਣ ਕੇ ਰਹਿ ਗਈ ਹੈ। ਬੈਠਕ ’ਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜੀ-23 ਗੁੱਟ ਦੇ ਆਗੂਆਂ ’ਚੋਂ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਵੀ ਹਾਜ਼ਰ ਸਨ। ਕਾਂਗਰਸ ਵਰਕਿੰਗ ਕਮੇਟੀ ਦੀ ਕਰੀਬ ਪੰਜ ਘੰਟੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਪਾਰਟੀ ਨੇ ਵੱਖ ਵੱਖ ਪੱਧਰ ’ਤੇ ਜਥੇਬੰਦਕ ਚੋਣਾਂ ਕਰਾਉਣ ਦੇ ਪ੍ਰੋਗਰਾਮ ਨੂੰ ਵੀ ਪ੍ਰਵਾਨਗੀ ਦਿੱਤੀ। ਪਹਿਲੀ ਨਵੰਬਰ ਤੋਂ 31 ਮਾਰਚ, 2022 ਤੱਕ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ। ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ, ਮੀਤ ਪ੍ਰਧਾਨਾਂ, ਖ਼ਜ਼ਾਨਚੀਆਂ, ਕਾਰਜਕਾਰਨੀਆਂ ਅਤੇ ਏਆਈਸੀਸੀ ਮੈਂਬਰਾਂ ਆਦਿ ਦੀਆਂ ਚੋਣਾਂ 21 ਜੁਲਾਈ ਤੋਂ 20 ਅਗਸਤ, 2022 ਤੱਕ ਹੋਣਗੀਆਂ। ਉਨ੍ਹਾਂ ਕਿਹਾ ਕਿ ਏਆਈਸੀਸੀ ਮੈਂਬਰਾਂ ਵੱਲੋਂ ਸੀਡਬਲਿਊਸੀ ਮੈਂਬਰਾਂ ਅਤੇ ਹੋਰ ਜਥੇਬੰਦੀਆਂ ਦੀ ਚੋਣ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। -ਪੀਟੀਆਈ

ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਸੁਰ ਤੇਜ਼ 

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਸੁਰ ਤੇਜ਼ ਹੋ ਗੲੇ ਹਨ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਅੱਜ ਰਾਹੁਲ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਕਮਾਨ ਮੁੜ ਸੰਭਾਲਣ। ਇਸ ਸਬੰਧੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮਤਾ ਪੇਸ਼ ਕੀਤਾ ਜਿਸ ਦੀ ਤਾਈਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਆਗੂਆਂ ਨੇ ਕੀਤੀ। ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੇ ਕਿਹਾ ਕਿ ਸੀਡਬਲਿਊਸੀ ਦੇ ਸਾਰੇ ਮੈਂਬਰਾਂ ’ਚ ਸਰਬਸੰਮਤੀ ਸੀ ਕਿ ਰਾਹੁਲ ਗਾਂਧੀ ਨੂੰ ਮੁੜ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਂਗਰਸ ਦਾ ਪ੍ਰਧਾਨ ਬਣਨ ਦੀ ਉਨ੍ਹਾਂ ਦੀ ਮੰਗ ਬਾਰੇ ਵਿਚਾਰ ਕਰਨਗੇ। 

ਮੁੱਖ ਮੰਤਰੀ ਬਣਾਉਣ ’ਤੇ ਭਾਵੁਕ ਹੋ ਗੲੇ ਸਨ ਚੰਨੀ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੀਡਬਲਿਊਸੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਨੂੰ ਇਕਜੁੱਟ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੱਬੇ ਕੁਚਲਿਆਂ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਹੱਕਾਂ ਲਈ ਕੰਮ ਕਰ ਰਹੀ ਹੈ। ਰਾਹੁਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਫੋਨ ਕਰਕੇ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਲਈ ਕਿਹਾ ਤਾਂ ਉਹ ਫੋਨ ’ਤੇ ਹੀ ਭਾਵੁਕ ਹੋ ਗਏ ਸਨ। ਬਾਅਦ ’ਚ ਚੰਨੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਹੜੇ ਭਾਈਚਾਰੇ ਤੋਂ ਉਹ ਆਉਂਦੇ ਹਨ, ਉਹ ਮੁੱਖ ਮੰਤਰੀ ਬਣਨ ਦਾ ਸੁਪਨਾ ਤੱਕ ਨਹੀਂ ਲੈ ਸਕਦੇ ਸਨ ਪਰ ਸੋਨੀਆ ਅਤੇ ਰਾਹੁਲ ਗਾਂਧੀ ਨੇ ਸਮਾਜ ’ਚ ਨਾਬਰਾਬਰੀ ਦੇ ਰਵੱਈਏ ਨੂੰ ਤੋੜ ਕੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। 

ਸੀਡਬਲਿਊਸੀ ‘ਪਰਿਵਾਰ ਬਚਾਓ ਵਰਕਿੰਗ ਕਮੇਟੀ’: ਭਾਜਪਾ 

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਦਾ ਮਖੌਲ ਉਡਾਉਂਦਿਆਂ ਇਸ ਨੂੰ ‘ਪਰਿਵਾਰ ਬਚਾਓ ਵਰਕਿੰਗ ਕਮੇਟੀ’ ਕਰਾਰ ਦਿੱਤਾ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਸੀਡਬਲਿਊਸੀ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਆਪਣੇ ਆਗੂਆਂ ਦੀ ਨਾਕਾਮੀ ਦੇ ਮੁੱਦਿਆਂ ਦਾ ਕੋਈ ਜਵਾਬ ਨਹੀਂ ਦਿੱਤਾ ਸਗੋਂ ਉਹ ਝੂਠ ਫੈਲਾਉਣ ਦੇ ਕੰਮ ’ਚ ਰੁੱਝੀ ਹੋਈ ਹੈ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਸਿੰਘੂ ਬਾਰਡਰ ’ਤੇ ਦਲਿਤ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਸਬੰਧ ’ਚ ਸੀਡਬਲਿਊਸੀ ਵੱਲੋਂ ਕੋਈ ਪ੍ਰਤੀਕਰਮ ਨਾ ਦਿੱਤੇ ਜਾਣ ਦੀ ਵੀ ਆਲੋਚਨਾ ਕੀਤੀ ਅਤੇ ਸਵਾਲ ਕੀਤਾ ਕਿ ਕੀ ਵਿਰੋਧੀ ਪਾਰਟੀ ਕਤਲ ਕਰਨ ਵਾਲੀ ‘ਤਾਲਿਬਾਨੀ ਮਾਨਸਿਕਤਾ’ ਵਾਲਿਆਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਬਦਅਮਨੀ ਫੈਲਾਉਣ ਵਾਲੇ ਅਨਸਰ ਆਪਣੀ ਸਿਆਸਤ ਲਈ ਕਿਸਾਨਾਂ ਦੀ ਵਰਤੋਂ ਕਰ ਰਹੇ ਹਨ। ਭਾਟੀਆ ਨੇ ਕਿਹਾ ਕਿ ਆਪਣੀ ਸੌੜੀ ਅਤੇ ਵੋਟ ਬੈਂਕ ਦੀ ਸਿਆਸਤ ਲਈ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਇਸ ਅਹਿਮ ਮੁੱਦੇ ’ਤੇ ਖਾਮੋਸ਼ ਬੈਠੀ ਹੈ। ਸੋਨੀਆ ਗਾਂਧੀ ਵੱਲੋਂ ਕਾਂਗਰਸ ਦਾ ਪੱਕੇ ਤੌਰ ’ਤੇ ਪ੍ਰਧਾਨ ਹੋਣ ਦੇ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਕਿਹਾ,‘‘ਇਹ ਆਖਣਾ ਗਲਤ ਨਹੀਂ ਹੋਵੇਗਾ ਕਿ ਇਹ ਕਾਂਗਰਸ ਵਰਕਿੰਗ ਕਮੇਟੀ ਘੱਟ ਅਤੇ ਪਰਿਵਾਰ ਬਚਾਓ ਵਰਕਿੰਗ ਕਮੇਟੀ ਜ਼ਿਆਦਾ ਸੀ। ਕਾਂਗਰਸ ਮੁੜ ਭਰਮ ਪੈਦਾ ਕਰਕੇ ਝੂਠ ਦੀ ਸਿਆਸਤ ਕਰ ਰਹੀ ਹੈ।’’ ਭਾਟੀਆ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਵੱਲੋਂ ਠੇਕੇ ਤੇ ਖੇਤੀ ਦਾ ਕਾਨੂੰਨ ਲਿਆਂਦਾ ਗਿਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਸਮਝੌਤਾ ਤੋੜਨ ’ਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ ਅਤੇ ਕਾਂਗਰਸ ਪ੍ਰਧਾਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਕਾਨੂੰਨ ਵਾਪਸ ਲੈ ਲਿਆ ਜਾਵੇ। ਸੀਡਬਲਿਊਸੀ ਦੇ ਸਾਰੇ ਮੈਂਬਰਾਂ ਨੂੰ ਕਰੋਨਾ ਤੋਂ ਬਚਾਅ ਦੀਆਂ ਦੋਵੇਂ ਵੈਕਸੀਨਾਂ ਲੱਗੀਆਂ ਹੋਣ ਦੇ ਬਿਆਨ ’ਤੇ ਭਾਜਪਾ ਤਰਜਮਾਨ ਨੇ ਕਿਹਾ ਕਿ ਕੁਝ ਦਿਨਾਂ ’ਚ ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਲੱਗਣ ’ਤੇ ਕਾਂਗਰਸ ਨੂੰ ਵਿਗਿਆਨੀਆਂ ਅਤੇ ਡਾਕਟਰਾਂ ਦਾ ਧੰਨਵਾਦ ਕਰਨਾ   ਚਾਹੀਦਾ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਮੁੱਖ ਖ਼ਬਰਾਂ

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਵਿਰੋਧੀ ਧਿਰ ਨੇ ਐੱਮਐੱਸਪੀ ਬਾਰੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਸਿਹਤ ਮੰਤਰਾਲੇ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਨਵੇਂ ਦਿਸ਼ਾ...

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਐੱਮਐੱਸਪੀ ਅਤੇ ਹੋਰ ਮੰਗਾਂ ਮੰਨਣ ਲ...

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

* ਪਾਰਟੀ ਪ੍ਰਧਾਨ ਦਾ ਚੰਨੀ ਸਰਕਾਰ ਨੂੰ ਮੁੜ ਹਲੂਣਾ

ਸ਼ਹਿਰ

View All