ਵਿਦਿਆਰਥੀਆਂ ਨੂੰ ਹੋਈ ਪ੍ਰੇਸ਼ਾਨੀ ਦੀ ਜ਼ਿੰਮੇਵਾਰੀ ਮੇਰੀ: Dharmendra Pradhan
ਅਧਿਕਾਰੀਆਂ ਨੂੰ ਤਾਡ਼ਨਾ ਕੀਤੀ; ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਸਰਕਾਰ ਤਰਫੋਂ ਜ਼ਿੰਮੇਵਾਰੀ ਕਬੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਮਾਨਸਿਕ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਇਸ ਮੁੱਦੇ ’ਤੇ ਸਿਆਸਤ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ। ਪ੍ਰਧਾਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆ ਦੇ ਹੱਲ ਲਈ ਪਾਰਦਰਸ਼ੀ ਅਤੇ ਵਿਦਿਆਰਥੀ ਪੱਖੀ ਕਦਮ ਚੁੱਕੇ ਜਾਣ। ਇਥੇ ਸੀ ਬੀ ਐੱਸ ਈ ਹੈੱਡਕੁਆਰਟਰ ਵਿੱਚ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਸਿਸਟਮ ਦੇ ਅੰਦਰ ਜਾਂ ਬਾਹਰ ਕਿਸੇ ਵੀ ਖ਼ਾਮੀ ਜਾਂ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਸੀ ਬੀ ਐੱਸ ਈ ਨੇ ਆਪਣੇ ਡਿਜੀਟਲ ਮੁਲਾਂਕਣ ਸਿਸਟਮ ਦਾ ਬਚਾਅ ਕਰਦਿਆਂ ਕਿਹਾ ਕਿ ਔਨ ਸਕ੍ਰੀਨ ਮਾਰਕਿੰਗ ਸਿਸਟਮ (ਓ ਐੱਸ ਐੱਮ) ‘ਸੁਰੱਖਿਅਤ ਅਤੇ ਮਜ਼ਬੂਤ ਆਈ ਟੀ ਪਲੈਟਫਾਰਮ’ ਹੈ। ਬੋਰਡ ਨੇ ਕਿਹਾ ਕਿ ਪਲੈਟਫਾਰਮ ਨੂੰ ਸੁਰੱਖਿਆ ਆਡਿਟ ਰਾਹੀਂ ਪੂਰੀ ਤਰ੍ਹਾਂ ਚੈੱਕ ਅਤੇ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਇਹ ਸੁਰੱਖਿਅਤ ਡਿਜੀਟਲ ਢਾਂਚਾ ਹੈ ਜਿਸ ਵਿੱਚ ਉੱਤਰਪੱਤਰੀ ਦੀ ਸੁਰੱਖਿਅਤ ਸਕੈਨਿੰਗ ਅਤੇ ਪ੍ਰੋਸੈਸਿੰਗ ਲਈ ਕਈ ਗੁਣਵੱਤਾ ਜਾਂਚਾਂ ਅਤੇ ਸੁਰੱਖਿਆ ਉਪਾਅ ਮੌਜੂਦ ਹਨ।
ਮੀਟਿੰਗ ਵਿੱਚ ਸਕੂਲ ਸਿੱਖਿਆ ਸਕੱਤਰ ਸੰਜੈ ਕੁਮਾਰ, ਸੀ ਬੀ ਐੱਸ ਈ ਚੇਅਰਪਰਸਨ ਰਾਹੁਲ ਸਿੰਘ, ਆਈ ਆਈ ਟੀ ਕਾਨਪੁਰ ਦੇ ਡਾਇਰੈਕਟਰ ਅਤੇ ਸਿੱਖਿਆ ਮੰਤਰਾਲੇ ਅਤੇ ਕੇਂਦਰੀ ਵਿਦਿਆਲਾ ਸੰਗਠਨ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੀਟਿੰਗ ਦੌਰਾਨ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੀ ਸਮੱਸਿਆ ਵੇਲੇ ਸਿਰ, ਪਾਰਦਰਸ਼ੀ ਅਤੇ ਵਿਦਿਆਰਥੀ ਪੱਖੀ ਤਰੀਕੇ ਨਾਲ ਹੱਲ ਕੀਤੀ ਜਾਵੇ। ਮੰਤਰੀ ਨੇ ਇਸ ਦੌਰਾਨ ਵਿਦਿਆਰਥੀ ਪੱਖੀ ਪ੍ਰਣਾਲੀ ਮਜ਼ਬੂਤ ਕਰਨ, ਮੁਲਾਂਕਣ ਅਤੇ ਨਿਗਰਾਨੀ ਢਾਂਚੇ ਵਿੱਚ ਸੁਧਾਰ ਲਿਆਉਣ, ਸੀ ਬੀ ਐੱਸ ਡਿਜੀਟਲ ਮੰਚ ਨੂੰ ਬਿਹਤਰ ਬਣਾਉਣ ਅਤੇ ਪ੍ਰੀਖਿਆ ਨਾਲ ਜੁੜੀਆਂ ਸੇਵਾਵਾਂ ਨੂੰ ਸੁਖਾਲਾ ਅਤੇ ਬਿਹਤਰ ਬਣਾਉਣ ’ਤੇ ਜ਼ੋਰ ਦਿੰਦਿਆਂ ਨਤੀਜਿਆਂ ਦੇ ਬਾਅਦ ਦੀ ਸੇਵਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

