Hyderabad: ਸ਼ਰਾਬੀ ਡਰਾਈਵਰ ਨੇ ਕਾਰ ਦੇ ਬੋਨਟ 'ਤੇ ਪੁਲੀਸ ਵਾਲੇ ਨੂੰ ਘੜੀਸਿਆ
ਪੁਲੀਸ ਨੇ ਰਾਹਗੀਰਾਂ ਦੀ ਮਦਦ ਨਾਲ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਹੈਦਰਾਬਾਦ ਵਿੱਚ ਇੱਕ 24 ਸਾਲਾ ਨੌਜਵਾਨ ਨੂੰ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਅਤੇ ਟ੍ਰੈਫਿਕ ਪੁਲੀਸ ਕਾਂਸਟੇਬਲ ਨੂੰ ਟੱਕਰ ਮਾਰ ਕੇ ਉਸ ਨੂੰ ਲਗਜ਼ਰੀ ਕਾਰ ਦੇ ਬੋਨਟ ਉੱਤੇ ਘੜੀਸਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 28 ਫਰਵਰੀ ਦੀ ਇਸ ਘਟਨਾ ਦੀ ਵੀਡੀਓ ਵਿੱਚ ਕਾਂਸਟੇਬਲ ਨੂੰ ਚੱਲਦੀ ਕਾਰ ਦੇ ਬੋਨਟ ਨੂੰ ਫੜ ਕੇ ਲਟਕਦੇ ਹੋਏ ਦੇਖਿਆ ਗਿਆ।
ਡਰਾਈਵਰ ਕਾਂਸਟੇਬਲ ਨੂੰ ਬੋਨਟ 'ਤੇ ਬਿਠਾ ਕੇ ਲਗਪਗ ਇੱਕ ਕਿਲੋਮੀਟਰ ਤੱਕ ਗੱਡੀ ਚਲਾਉਂਦਾ ਰਿਹਾ, ਜਿਸ ਨੂੰ ਬਾਅਦ ਵਿੱਚ ਕੁਝ ਰਾਹਗੀਰਾਂ ਨੇ ਰਸਤਾ ਰੋਕ ਕੇ ਫੜਿਆ ਅਤੇ ਗਚੀਬੋਵਲੀ ਪੁਲੀਸ ਦੇ ਹਵਾਲੇ ਕਰ ਦਿੱਤਾ। ਜਾਂਚ ਵਿੱਚ ਡਰਾਈਵਰ ਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ ਤੈਅ ਸੀਮਾ ਤੋਂ 160 mg/100 ml ਜ਼ਿਆਦਾ ਪਾਈ ਗਈ।
ਕਾਂਸਟੇਬਲ ਨੇ ਦੱਸਿਆ ਕਿ ਉਸ ਨੇ ਨਾਨਕਰਾਮਗੁੜਾ ਵਿੱਚ ਇੱਕ ਹੋਰ ਗੱਡੀ ਨੂੰ ਟੱਕਰ ਮਾਰ ਕੇ ਭੱਜ ਰਹੀ ਇਸ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਡਰਾਈਵਰ ਨੇ ਰੁਕਣ ਦੀ ਬਜਾਏ ਅਚਾਨਕ ਗੱਡੀ ਉਸ ਵੱਲ ਭਜਾ ਦਿੱਤੀ। ਜਦੋਂ ਉਹ ਬੋਨਟ 'ਤੇ ਡਿੱਗ ਗਿਆ, ਤਾਂ ਡਰਾਈਵਰ ਨੇ ਗੱਡੀ ਨੂੰ ਤੇਜ਼ ਚਲਾ ਕੇ ਪੁਲੀਸ ਕਾਂਸਟੇਬਲ ਨੂੰ ਸੁੱਟਣ ਦੀ ਵੀ ਕੋਸ਼ਿਸ਼ ਕੀਤੀ। ਪੁਲੀਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

