ਨਵੀਂ ਦਿੱਲੀ, 12 ਜੁਲਾਈ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੱਦਾਖ ਵਿੱਚ ਪੈਦਾ ਹੋਏ ਸਰਹੱਦ ਵਿਵਾਦ ਨੂੰ ਲੈ ਕੇ ਅੱਜ ਇਕ ਵਾਰ ਫਿਰ ਤੋਂ ਕੇਂਦਰ ਸਰਕਾਰ ’ਤੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਅਜਿਹਾ ਕੀ ਹੋਇਆ ਕਿ ਚੀਨ ਨੇ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਜਦੋਂ ਕਿ ਇਸ ਵੇਲੇ ਸਾਰੀਆਂ ਤਾਕਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹਨ। ਇਸ ਦੌਰਾਨ ਊਨ੍ਹਾਂ ਇਕ ਖ਼ਬਰ ਵੀ ਟੈਗ ਕੀਤੀ ਜਿਸ ਵਿੱਚ ਇਕ ਰੱਖਿਆ ਮਾਹਿਰ ਨੇ ਦੋਸ਼ ਲਗਾਏ ਹਨ ਕਿ ਸਰਕਾਰ ਅਸਲ ਕੰਟਰੋਲ ਰੇਖਾ ਨੇੜਿਓਂ ਚੀਨੀ ਫ਼ੌਜ ਪਿੱਛੇ ਹਟਣ ਸਬੰਧੀ ਮੁੱਦੇ ’ਤੇ ਮੀਡੀਆ ਨੂੰ ਵਰਗਲਾ ਰਹੀ ਹੈ ਅਤੇ ਗਲਵਾਨ ਵਾਦੀ ਵਿੱਚੋਂ ਫ਼ੌਜ ਵਾਪਸ ਹਟਾਉਣਾ ਭਾਰਤ ਲਈ ਨੁਕਸਾਨਦੇਹ ਹੈ। ਉਨ੍ਹਾਂ ਹਿੰਦੀ ਵਿੱਚ ਟਵੀਟ ਕਰ ਕੇ ਪੁੱਛਿਆ, ‘‘ਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਰਾਜ ਵਿੱਚ ਚੀਨ ਨੇ ਭਾਰਤ ਮਾਤਾ ਦੀ ਪਵਿੱਤਰ ਧਰਤੀ ’ਤੇ ਕਬਜ਼ਾ ਕਰ ਲਿਆ।’’ ਸ੍ਰੀ ਗਾਂਧੀ ਨੇ ਲੱਦਾਖ ਮਾਮਲੇ ਵਿੱਚ ਸ੍ਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਮਲਾ ਕੀਤਾ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਖ਼ੁਦ ਚੀਨ ਨੂੰ ਭਾਰਤ ਦੀ ਜ਼ਮੀਨ ਸਮਰਪਿਤ ਕਰ ਦਿੱਤੀ। -ਪੀਟੀਆਈ