Himachal ’ਚ ਮੀਂਹ ਨਾਲ ਮਕਾਨ ਡਿੱਗਿਆ, ਦੋ ਮੌਤਾਂ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਅੱਜ ਮੀਂਹ ਨਾਲ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ ਅੱਠ ਮਹੀਨਿਆਂ ਦੀ ਗਰਭਵਤੀ ਮਹਿਲਾ ਸਮੇਤ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ। ਮੀਂਹ ਨਾਲ ਪੂਰੇ ਸੂਬੇ ਵਿੱਚ ਜਨਜੀਵਨ ਪ੍ਰਭਾਵਿਤ ਰਿਹਾ।...
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਅੱਜ ਮੀਂਹ ਨਾਲ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ ਅੱਠ ਮਹੀਨਿਆਂ ਦੀ ਗਰਭਵਤੀ ਮਹਿਲਾ ਸਮੇਤ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ। ਮੀਂਹ ਨਾਲ ਪੂਰੇ ਸੂਬੇ ਵਿੱਚ ਜਨਜੀਵਨ ਪ੍ਰਭਾਵਿਤ ਰਿਹਾ।
ਇਹ ਘਟਨਾ ਰਾਜਗੜ੍ਹ ਉਪ-ਮੰਡਲ ਵਿੱਚ ਵਾਪਰੀ। ਘਟਨਾ ਤੋਂ ਤੁਰੰਤ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਮਲਬੇ ਵਿਚੋਂ ਫਸੇ ਹੋਏ ਵਿਅਕਤੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਔਰਤਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਸ਼ਨਾਖ਼ਤ ਨਿਰਮਲਾ (60) ਅਤੇ ਉਸ ਦੀ ਧੀ ਪੂਜਾ (32) ਵਜੋਂ ਹੋਈ ਹੈ। ਅੱਠ ਮਹੀਨਿਆਂ ਦੀ ਗਰਭਵਤੀ ਪੂਜਾ ਆਪਣੀ ਡੇਢ ਸਾਲ ਦੀ ਧੀ ਇਰਾ ਨਾਲ ਆਪਣੇ ਪੇਕੇ ਘਰ ਆਈ ਹੋਈ ਸੀ।
ਘਟਨਾ ਵਾਪਰਨ ਵੇਲੇ ਪਰਿਵਾਰ ਦੀ ਨੂੰਹ ਵੀ ਘਰ ਦੇ ਅੰਦਰ ਸੀ ਪਰ ਇਮਾਰਤ ਡਿੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਬਾਹਰ ਆ ਗਈ ਸੀ। ਹਾਲਾਂਕਿ, ਉਸ ਦਾ ਡੇਢ ਸਾਲ ਦਾ ਪੁੱਤਰ ਅਰੁਣ ਮਲਬੇ ਹੇਠਾਂ ਫਸ ਗਿਆ। ਜ਼ਖ਼ਮੀ ਬੱਚਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਾਜਗੜ੍ਹ ਦੇ ਐੱਸ ਡੀ ਐੱਮ ਰਾਜਕੁਮਾਰ ਠਾਕੁਰ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰ ਨੂੰ ਤੁਰੰਤ ਰਾਹਤ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਅਤੇ ਵਿਆਪਕ ਮੀਂਹ ਕਾਰਨ ਅੱਜ 209 ਸੜਕਾਂ ਬੰਦ ਹੋ ਗਈਆਂ ਤੇ ਬੁਨਿਆਦੀ ਢਾਂਚੇ ਦਾ ਨੁਕਸਾਨ ਹੋਇਆ। ਮੌਸਮ ਵਿਭਾਗ ਨੇ 18 ਅਗਸਤ ਤੱਕ ਰਾਜ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ‘ਯੈਲੋ ਅਲਰਟ’ ਜਾਰੀ ਕੀਤਾ ਹੈ।

